ਧੰਨ ਸ੍ਰੀ ਗੁਰੂ ਤੇਗ ਬਹਾਦਰ, ਕਰ ਸਾਡੇ 'ਤੇ ਉਪਕਾਰ ਗਏ।
ਦੇਸ,ਕੌਮ ਦੀ ਰੱਖਿਆ ਖਾਤਰ, ਸੀਸ ਵੀ ਆਪਣਾ ਵਾਰ ਗਏ।
ਮਾਤਾ ਨਾਨਕੀ ਜੀ ਦੇ ਪੁੱਤਰ, ਛੇਵੇਂ ਗੁਰਾਂ ਦੇ ਲਾਲ ਜੀ।
'ਤਿਆਗ ਮੱਲ' ਨਾਮ ਸੀ ਰੱਖਿਆ, ਬੜੇ ਹੀ ਚਾਵਾਂ ਨਾਲ ਜੀ।
'ਤੇਗ ਬਹਾਦਰ' ਨਾਮ ਕਮਾਇਆ, ਜਦ ਤੇਜ਼ ਚਲਾ ਤਲਵਾਰ ਗਏ।
ਧੰਨ ਸ੍ਰੀ ਗੁਰੂ ਤੇਗ ਬਹਾਦਰ, ਕਰ ਸਾਡੇ 'ਤੇ ਉਪਕਾਰ ਗਏ।
ਬੈਠ ਬਕਾਲੇ ਭਗਤੀ ਕੀਤੀ, ਨਾ ਭੇਦ ਕਿਸੇ ਵੀ ਪਾਇਆ।
ਸੱਚਾ ਗੁਰੂ ਉਸੇ ਨੂੰ ਮਿਲਿਆ, ਜਿਸ ਸੱਚੇ ਮਨੋਂ ਧਿਆਇਆ।
ਮੱਖਣ ਸ਼ਾਹ ਲੁਬਾਣੇ ਦਾ ਬੇੜਾ, ਡੁੱਬਦਾ ਹੋਇਆ ਤਾਰ ਗਏ।
ਧੰਨ ਸ੍ਰੀ ਗੁਰੂ ਤੇਗ ਬਹਾਦਰ, ਕਰ ਸਾਡੇ 'ਤੇ ਉਪਕਾਰ ਗਏ।
ਮਾਤਾ ਗੁਜਰੀ ਮਹਿਲ ਗੁਰਾਂ ਦੇ, ਗੁਰੂ ਗੋਬਿੰਦ ਜੀ ਲਾਲ ਹੋਏ।
ਚੱਕ ਨਾਨਕੀ ਨਗਰ ਵਸਾਇਆ, ਜਦ ਸਤਿਗੁਰੂ ਜੀ ਦਿਆਲ ਹੋਏ।
ਸਿੱਖ ਪੰਥ ਦੀ ਸੇਵਾ ਖਾਤਰ, ਕਰਨ ਫਿਰ ਪ੍ਰਚਾਰ ਗਏ।
ਧੰਨ ਸ੍ਰੀ ਗੁਰੂ ਤੇਗ ਬਹਾਦਰ, ਕਰ ਸਾਡੇ 'ਤੇ ਉਪਕਾਰ ਗਏ।
ਦੁਖੀ ਹੋਏ ਕਸ਼ਮੀਰੀ ਪੰਡਿਤ, ਅਨੰਦਪੁਰ ਚੱਲ ਕੇ ਆਏ।
ਕੀ-ਕੀ ਜ਼ੁਲਮ ਔਰੰਗੇ ਕੀਤੇ, ਸਭ ਸਤਿਗੁਰਾਂ ਨੂੰ ਸੁਣਾਏ।
ਦਾਤਾ ਸਾਡੀ ਸੁਣੋਂ ਬੇਨਤੀ, ਅਸੀਂ ਤਾਂ ਹੁਣ ਥੱਕ ਹਾਰ ਗਏ।
ਧੰਨ ਸ੍ਰੀ ਗੁਰੂ ਤੇਗ ਬਹਾਦਰ, ਕਰ ਸਾਡੇ 'ਤੇ ਉਪਕਾਰ ਗਏ।
ਸੁਣ ਬੇਨਤੀ ਸਤਿਗੁਰ ਬੋਲੇ, ਵੇਲਾ ਹੈ ਬਲੀਦਾਨ ਦਾ ਆਇਆ।
ਔਰੰਗੇ ਤਾਈਂ ਸੰਦੇਸ਼ ਸਤਿਗੁਰਾਂ, ਦਿੱਲੀ ਤੱਕ ਪਹੁੰਚਾਇਆ।
ਮੇਰਾ ਦੀਨ ਉਹ ਬਦਲ ਕੇ ਵੇਖੇ, ਔਰੰਗੇ ਨੂੰ ਲਲਕਾਰ ਗਏ।
ਧੰਨ ਸ੍ਰੀ ਗੁਰੂ ਤੇਗ ਬਹਾਦਰ, ਕਰ ਸਾਡੇ 'ਤੇ ਉਪਕਾਰ ਗਏ।
ਦਿੱਲੀ ਜਾ ਗੁਰਾਂ ਸੀਸ ਵਾਰਿਆ, ਬਣ ਗਏ ਹਿੰਦ ਦੀ ਚਾਦਰ।
ਤਿਲਕ, ਜੰਞੂ ਦੇ ਰਾਖੇ ਸਤਿਗੁਰ, ਹਰ ਕੋਈ ਕਰਦਾ ਆਦਰ।
'ਅਮਰ' ਗੁਰਾਂ ਦੀ ਮਹਿਮਾ ਗਾਵੇ, ਕਰ ਬੇੜਾ ਹਿੰਦ ਦਾ ਪਾਰ ਗਏ।
ਧੰਨ ਸ੍ਰੀ ਗੁਰੂ ਤੇਗ ਬਹਾਦਰ, ਕਰ ਸਾਡੇ 'ਤੇ ਉਪਕਾਰ ਗਏ।
ਦੇਸ,ਕੌਮ ਦੀ ਰੱਖਿਆ ਖਾਤਰ, ਸੀਸ ਵੀ ਆਪਣਾ ਵਾਰ ਗਏ।