ਫਕੀਰ-
ਦੂਰ ਹੋ ਕੇ ਬੈਠ ਮੇਰੇ ਤੋਂ ਗੰਦੇ ਧੰਦੇ ਵਾਲੀਏ
ਬਾਹਰੋਂ ਸੋਹਣੀਏਂ ਨੀਂ ਦਿਲ ਦੀ ਏ ਕਾਲੀਏ
ਅਸੀਂ ਹਾਂ ਫਕੀਰ ਬੰਦੇ ਤਨ ਮਨ ਸੁੱਚਾ ਨੀਂ
ਤੇਰੇ ਵੱਲ ਦੇਖਣਾ ਨੀਂ ਕੰਮ ਤੇਰਾ ਲੁੱਚਾ ਨੀਂ
ਸਾਡਾ ਤਾਂ ਹੈ ਇਕ ਖ਼ਸਮ ਤੇਰੇ ਨੇ ਹਜ਼ਾਰ
ਤੇਰਾ ਘਰ ਕੋਠਾ ਵੱਜੇ ਤੇ ਸਾਡਾ ਐ ਮਜ਼ਾਰ
ਨਵਾਂ ਜਿਸਮ ਹੰਢਾਵੇਂ ਤੂੰ ਹਰ ਨਵੀਂ ਰਾਤ
ਤੂੰ ਹੀ ਦਸ ਕਾਹਤੋਂ ਤੈਨੂੰ ਆਖਾਂ ਨਾ ਕਮਜ਼ਾਤ
ਧੰਦੇ ਵਾਲੀ-
ਨਾ ਵੇ ਫਕੀਰਾ ਮੈਨੂੰ ਬੋਲ ਨਾ ਮੰਦੜੇ ਬੋਲ
ਮੇਰੀ ਇਸ ਕਹਾਣੀ ਦਾ ਕੋਈ ਅਗਲਾ ਪੰਨਾ ਫੋਲ
ਤੇਰੇ ਤੇ ਮੇਰੇ 'ਚ ਮੈਨੂੰ ਰਤਾ ਫਰਕ ਨਾ ਜਾਪੇ
ਚੀਖ ਮੇਰੀ ਇੰਝ ਜਿਵੇਂ ਕੋਈ ਬਿਰਹਾ ਰਾਗ ਅਲਾਪੇ
ਉਹਦੀ ਤੂੰ ਰਜ਼ਾ 'ਚ ਨੱਚੇਂ, ਮੈਂ ਵੀ ਨਾਚ ਕਰਦੀ ਹਾਂ
ਤੇਰੇ 'ਚ ਵੈਰਾਗ ਜੇ ਡੂੰਘਾ, ਮੈਂ ਵੀ ਪੀੜਾ ਜਰਦੀ ਹਾਂ
ਤੈਨੂੰ ਮੌਤ ਦਾ ਭੈਅ ਕੋਈ ਨਾ, ਮੈਂ ਵੀ ਨਿੱਤ ਹੀ ਮਰਦੀ
ਜਦ ਕੋਈ ਮੇਰੀ ਬੋਟੀ ਨੋਚੇ ਅੱਲ੍ਹਾ ਅੱਲ੍ਹਾ ਕਰਦੀ
ਮੇਰਾ ਵੀ ਦਿਲ ਲੋਚੇ ਕੋਈ ਆਖ ਬੁਲਾਵੇ ਭੈਣ
ਮਾਂ ਦੀ ਗਲਵਕੜੀ ਵਿਚ, ਮੈਂ ਸੁਖੀ ਗੁਜਾਰਾਂ ਰੈਣ
ਨਿੱਕੀ ਹੁੰਦੀ ਪਿਓ ਨੇ ਵੇਚੀ ਆਈ ਨਾ ਇਥੇ ਆਪ
ਤੂੰ ਦੱਸ ਇਥੇ ਗੰਦਾ ਕੌਣ ਹੈ ਮੈਂ ਕਿ ਮੇਰੇ ਬਾਪ
ਇਹ ਧੰਦਾ ਜੇ ਗੰਦਾ ਹੀ ਐ ਕਿਉਂ ਆਉਂਦੇ ਨੇ ਮਰਦ
ਨਾਲੇ ਸਹਿੰਦੀ ਮਰਦ ਵਾਸਨਾ ਨਾਲੇ ਕਿੰਨਾ ਦਰਦ
ਜੇ ਇੱਥੇ ਕੋਈ ਆਵੇ ਹੀ ਨਾ ਸਾਨੂੰ ਕੀ ਹੈ ਲੋੜ
ਕੋਈ ਕੰਮ ਤਾਂ ਕਰਨਾ ਹੀ ਪਊ ਜਦੋਂ ਪੈ ਗਈ ਥੋੜ੍ਹ
ਮੇਰਾ ਵੀ ਦਿਲ ਕਰਦੈ ਉੱਚੀ ਉੱਚੀ ਲਾਵਾਂ ਨਾਹਰੇ
ਲਾਲ ਬੱਤੀ ਜਦ ਜਗਦੀ, ਅੱਖ ਬੁੱਲ੍ਹ ਮੀਚਾਂ ਆਪ ਮੁਹਾਰੇ
ਓਹੀ ਰਾਤੀਂ ਆਉਂਦੇ ਜਿਹੜੇ ਦਿਨੇਂ ਨੇਂ ਕੱਢਦੇ ਗਾਲ੍ਹ
ਦਿਨੇਂ ਤਾਂ ਆਖਣ ਕੰਜਰੀ ਸਾਨੂੰ ਰਾਤੀ ਕਹਿਣ ਕਮਾਲ
ਵੇ ਫਕੀਰਾ ਕੀ ਜਾਣੇ ਮੈਂ ਭੋਗਿਆ ਕੀ ਸੰਤਾਪ
ਤੂੰ ਤਾਂ ਅੜਿਆ ਆਖੇਂ ਮੇਰਾ ਹਰ ਕੰਮ ਲਗਦਾ ਪਾਪ
ਐਨਾ ਹੀ ਬਸ ਫਰਕ ਕਿ ਮੈਂ ਕਰਦੀ ਨਾ ਜੱਗ ਜਾਹਰ
ਤੂੰ ਤਾਂ ਅੜਿਆ ਦਿਸਦਾ ਸਭ ਨੂੰ ਤੁਰਦਾ ਫਿਰਦਾ ਬਾਹਰ
ਫਕੀਰ-
ਮੁਆਫ ਕਰੀਂ ਮੈਨੂੰ ਨੀ ਅੜੀਏ ਹੋ ਗਿਆ ਸੀ ਹੰਕਾਰ
ਖੁਦ ਨੂੰ ਮੈਂ ਫਕੀਰ ਹਾਂ ਦਸਦਾ "ਮੈ" ਹੀ ਕਰੇ ਪੁਕਾਰ
ਅਸਲ ਰੱਬੀ ਰੂਹ ਨੂੰ ਮਿਲਿਆ ਖੁੱਲ੍ਹ ਗਏ ਮੇਰੇ ਭਾਗ
ਮੈਂ ਤਾਂ ਬਸ ਦਿਖਾਵਾ ਕਰਦਾ ਤੇਰਾ ਅਸਲ ਵੈਰਾਗ
ਨੀਂ ਤੇਰੀ ਜੜ੍ਹਾਂ 'ਚ ਇਹੀ ਭਰਿਆ ਤੇਰਾ ਕੀ ਕਸੂਰ
ਇਹ ਧੰਦਾ ਤਾਂ ਬਣ ਗਿਆ ਅੜੀਏ ਤੇਰੇ ਲਈ ਨਾਸੂਰ
ਪੀੜ ਪਰਾਈ ਜਾਣੀ ਨਾ ਕਿਉਂ ਲੈਂਦਾ ਰਾਮ ਨਾਮ
ਤੇਰੇ ਅੰਦਰੇ ਬਿਰਹਾ ਜੰਮਿਆ ਉਸ ਨੂੰ ਮੇਰਾ ਸਲਾਮ
ਧੰਦੇ ਵਾਲੀ ਗੰਦੀ ਨਾਹੀ ਸਭ ਨੂੰ ਇਹੋ ਪੈਗਾਮ
ਤੇਰੇ ਅੰਦਰੇ ਬਿਰਹਾ ਜੰਮਿਆ ਉਸ ਨੂੰ ਮੇਰਾ ਸਲਾਮ