ਧੰਨ ਤੇਰੇ ਲਾਲਾਂ ਦੇ ਜੇਰੇ-ਚਾਰ ਸਾਹਿਬਜ਼ਾਦੇ

ਲੰਮੀਆਂ ਸੀ ਵਾਟਾਂ,

ਪੋਹ ਦੀਆਂ ਰਾਤਾਂ।

ਕਿੰਝ ਸਨ ਪੰਧ ਨਿਬੇੜੇ?

ਮੇਰੇ ਸੱਚੇ ਪਾਤਸ਼ਾਹ !

ਧੰਨ ਤੇਰੇ ਲਾਲਾਂ ਦੇ ਜੇਰੇ।

ਧਰਮ   ਦੀ   ਖਾਤਰ,

ਬਣੇ ਹਿੰਦ ਦੀ ਚਾਦਰ।

ਨੌਂਵੇਂ ਗੁਰੂ ਸ੍ਰੀ ਤੇਗ ਬਹਾਦਰ।

ਪੋਤੇ ਚੱਲੇ ਉਸੇ ਰਾਹ,

ਛੱਡ ਖੁਸ਼ੀਆਂ ਤੇ ਖੇੜੇ।

ਮੇਰੇ ਸੱਚੇ ਪਾਤਸ਼ਾਹ !

ਧੰਨ ਤੇਰੇ ਲਾਲਾਂ ਦੇ ਜੇਰੇ।

ਤੁਹਾਡੀ ਅੱਖੀਆਂ ਦੇ ਤਾਰੇ,

ਮਾਤਾ ਸੁੰਦਰੀ ਦੇ ਪਿਆਰੇ।

ਚਾਰੇ ਵੀਰ ਜਦੋਂ ਆਉਂਦੇ,

ਰਲ  ਸ਼ਬਦ  ਸੁਣਾਉਂਦੇ।

ਜਦੋਂ ਅਨੰਦਪੁਰ ਲਾਏ ਸੀ ਡੇਰੇ।

ਮੇਰੇ  ਸੱਚੇ  ਪਾਤਸ਼ਾਹ!

ਧੰਨ ਤੇਰੇ ਲਾਲਾਂ ਦੇ ਜੇਰੇ

ਔਖੀ ਘੜੀ ਜਦੋਂ ਆਈ,

ਜਾਨ ਤਲੀ 'ਤੇ ਘੁਮਾਈ।

ਸਿੰਘ ਰਹੇ ਸੀ ਅਡੋਲ,

ਰਹੇ ਵਾਹਿਗੁਰੂ ਬੋਲ।

ਪਾਏ ਮੁਗਲਾਂ ਜਦੋਂ ਸੀ ਘੇਰੇ।

ਮੇਰੇ ਸੱਚੇ ਪਾਤਸ਼ਾਹ !

ਧੰਨ ਤੇਰੇ ਲਾਲਾਂ ਦੇ ਜੇਰੇ।

ਸਰਸਾ ਨਦੀ ਦੇ ਕਿਨਾਰੇ,

ਵਿਛੜੇ ਵੀਰੇ ਸੀ ਚਾਰੇ।

ਦੋ     ਪੁੱਜੇ     ਚਮਕੌਰ,

ਦੋ   ਪੁੱਜੇ  ਕਿਤੇ   ਹੋਰ।

ਝੱਲੇ ਦੁੱਖ ਸੀ ਉਨ੍ਹਾਂ ਨੇ ਬਥੇਰੇ।

ਮੇਰੇ ਸੱਚੇ ਪਾਤਸ਼ਾਹ !

ਧੰਨ ਤੇਰੇ ਲਾਲਾਂ ਦੇ ਜੇਰੇ।

ਕੱਚੀ  ਗੜ੍ਹੀ  ਗਈ  ਘੇਰੀ,

ਲਾਈ ਵੱਡਿਆਂ  ਨਾ ਦੇਰੀ।

ਬਾਬਾ ਅਜੀਤ ਸਿੰਘ ਜੀ,

ਦਿਖਾਈ ਬਹਾਦਰੀ ਬਥੇਰੀ।

ਲਾੜੀ ਮੌਤ ਸੰਗ ਲੈ ਲਏ ਫੇਰੇ।

ਮੇਰੇ  ਸੱਚੇ  ਪਾਤਸ਼ਾਹ !

ਧੰਨ ਤੇਰੇ ਲਾਲਾਂ ਦੇ ਜੇਰੇ।

ਛੋਟੇ  ਵੀਰ  ਜੁਝਾਰ  ਜੀ,

ਜਿੰਦ  ਗਏ   ਵਾਰ  ਜੀ।

ਹੋਏ ਅੱਖਾਂ ਅੱਗੇ ਕੁਰਬਾਨ,

ਪਿਤਾ ਦਸ਼ਮੇਸ਼ ਦੇ ਜਵਾਨ।

ਹੰਝੂ ਅੱਖੀਆਂ 'ਚੋਂ ਤੁਸੀਂ ਨਾ ਕੇਰੇ।

ਮੇਰੇ  ਸੱਚੇ  ਪਾਤਸ਼ਾਹ !

ਧੰਨ ਤੇਰੇ ਲਾਲਾਂ ਦੇ ਜੇਰੇ।

ਮਾਤਾ  ਗੁਜਰੀ  ਦੇ ਸੰਗ,

ਦੋਵੇਂ   ਛੋਟੇ   ਫਰਜੰਦ।

ਪਿੰਡ  ਖੇੜੀ  ਜਦੋਂ  ਆਏ,

ਜਾਹ ਗੰਗੂ ਪਾਪੀ ਨੇ ਫੜਾਏ।

ਠੰਢੇ ਬੁਰਜ 'ਚ ਕੱਟੇ ਦਿਨ ਬਥੇਰੇ।

ਮੇਰੇ  ਸੱਚੇ  ਪਾਤਸ਼ਾਹ !

ਧੰਨ ਤੇਰੇ ਪੁੱਤਰਾਂ ਦੇ ਜੇਰੇ।

   

ਵੀਰੇ  ਜੋਰਾਵਰ  ਨੇ,

ਸੀਨੇ ਫਤਹਿ ਨੂੰ ਲਗਾਇਆ।

ਦਾਦੀ ਗੁਜਰੀ ਜੀ ਨੇ,

ਦੋਹਾਂ ਪੋਤਿਆਂ ਨੂੰ ਸਮਝਾਇਆ।

ਬੱਚਿਓ!  ਡੋਲ ਨਾ  ਜਾਣਾ।

ਸਿੱਖੀ   ਸਿਦਕ  ਨਿਭਾਣਾ।

ਰਤੀ ਭਰ ਵੀ ਨਾ ਡਰ ਆਏ ਚਿਹਰੇ।

ਮੇਰੇ  ਸੱਚੇ  ਪਾਤਸ਼ਾਹ !

ਧੰਨ ਤੇਰੇ ਲਾਲਾਂ ਦੇ ਜੇਰੇ।

ਦੋਵੇਂ  ਕਚਹਿਰੀ  ਜਦੋਂ  ਆਏ।

ਜੈਕਾਰੇ  ਉਹਨਾਂ ਸੀ  ਬੁਲਾਏ।

ਈਨ ਨਾ ਮੰਨੀ,ਨਾ ਗਏ ਸੀ ਡਰਾਏ।

ਦਿੱਤੇ ਜ਼ਾਲਮਾਂ ਸੀ ਲਾਲਚ ਬਥੇਰੇ।

ਮੇਰੇ  ਸੱਚੇ  ਪਾਤਸ਼ਾਹ !

ਧੰਨ ਤੇਰੇ ਪੁੱਤਰਾਂ ਦੇ ਜੇਰੇ।

ਵਜ਼ੀਰ ਖ਼ਾਨ ਬੁਖਲਾਇਆ,

ਫਤਵਾ ਗੁੱਸੇ 'ਚ ਸੁਣਾਇਆ।

ਚਿਣ   ਦੇਵੋ   ਵਿੱਚ  ਕੰਧ।

ਸਾਕਾ  ਹੋਇਆ  ਸਰਹਿੰਦ।

ਗਏ ਨੀਂਹਾਂ 'ਚ ਚਿਣੇ ਲਾਲ ਤੇਰੇ।

ਮੇਰੇ  ਸੱਚੇ  ਪਾਤਸ਼ਾਹ !

ਧੰਨ ਤੇਰੇ ਲਾਲਾਂ ਦੇ ਜੇਰੇ।

ਚਾਰਾਂ ਵੀਰਾਂ ਦੇ ਸ਼ਹੀਦੀ,

ਮਹਿਲ ਸਿੱਖੀ ਦੇ ਉਸਾਰੇ।

'ਅਮਰ' ਸੀਸ ਝੁਕਾਈਏ,

ਜਾਈਏ ਇਨ੍ਹਾਂ ਤੋਂ ਬਲਿਹਾਰੇ।

ਬਣੇ ਚਾਰ ਸਾਹਿਬਜ਼ਾਦੇ ਰਾਹ ਦਸੇਰੇ।

ਮੇਰੇ  ਸੱਚੇ  ਪਾਤਸ਼ਾਹ!

ਧੰਨ ਤੇਰੇ ਪੁੱਤਰਾਂ ਦੇ ਜੇਰੇ

📝 ਸੋਧ ਲਈ ਭੇਜੋ