ਧਰਤੀ ਨਾਲ਼ ਵਿਆਹੀ

ਨੂਰੀ ਦੇ ਨਾਂ

ਧਰਤੀ ਨਾਲ਼ ਵਿਆਹੀ

ਸਖੀ! ਮੈਂ ਧਰਤੀ ਨਾਲ ਵਿਆਹੀ 

ਕੰਤ ਮੇਰਾ ਰੁੱਖ ਕਿੱਕਰ ਦਾ 

ਨਣਦਾਂ ਸਰ੍ਹੋਂ ਫਲਾਹੀ

ਵੰਨ ਸੁਵੰਨੇ ਫੁੱਲ ਖ਼ੁਸ਼ਬੋਈ 

ਮੇਰੀ ਕੁੱਖ ਚੋਂ ਫੁੱਟੇ 

ਜ਼ਹਿਰੀ ਮਹਿਕ ਜਿਹਨਾਂ ਦੀ ਸਈਉ 

ਸਾਹਵਾਂ ਦਾ ਗਲ ਘੁੱਟੇ 

ਇੰਜ ਲੱਗਦਾ ਜਿਉਂ ਜੰਮਦੇ ਸਾਰ ਈ 

ਫਿਰ ਗਈ ਲੇਖ ਸਿਆਹੀ 

ਧਰਤੀ ਨਾਲ ਵਿਆਹੀ 

ਸਖੀ! ਮੈਂ ਧਰਤੀ ਨਾਲ਼ ਵਿਆਹੀ

ਸੌਕਣ ਦਰਦੀ ਰੇਤ ਥਲਾਂ ਦੀ 

ਮੇਰੇ ਵਾਲ ਸ਼ਿੰਗਾਰੇ 

ਦਿਉਰਾਂ ਵਰਗਾ ਹੜ੍ਹ ਸਾਉਣੀ ਦਾ 

ਨੈਣ ਕਰੇਂਦਾ ਖਾਰੇ

ਰੋਜ਼ ਪੱਤਣ ’ਤੇ ਮਿਹਣੇ ਮਾਰਨ 

ਆਉਂਦੇ ਜਾਂਦੇ ਰਾਹੀ 

ਧਰਤੀ ਨਾਲ ਵਿਆਹੀ 

ਸਖੀ!ਮੈਂ ਧਰਤੀ ਨਾਲ਼ ਵਿਆਹੀ

📝 ਸੋਧ ਲਈ ਭੇਜੋ