ਧੜ ਅਪਣਾ ਹੈ

ਅੱਧੀ ਤੋਂ ਬਹੁਤੀ

ਉਸ ਤੋਂ ਵੀ ਬਹੁਤੀ ਉਮਰਾ ਬੀਤ ਗਈ 

ਤਾਂ ਸੋਝੀ ਆਈ

ਅਪਣੇ ਪਾਸ ਤਾਂ ਅਪਣਾ ਧੜ ਹੈ 

ਇਸ ਉੱਪਰ ਸਿਰ ਹੋਰ ਕਿਸੇ ਦਾ

ਭੁੱਲ ਭੁਲੇਖੇ ਕੱਲ੍ਹ ਸੜਕ 'ਤੇ 

ਕਾਹਲੀ ਕਾਹਲੀ ਤੁਰਦੇ ਤੁਰਦੇ 

ਨਾਲ ਖ਼ੁਦਾ ਦੇ ਟੱਕਰ ਹੋਈ

ਮੈਂ ਤਾਂ ਯਾਰੋ ਸਿਰ ਨਿਹੁੜਾ ਕੇ

ਬਿਨਾਂ ਪਛਾਣੇ, ਬਿਨਾਂ ਸਲਾਮ ਹੀ ਲੰਘ ਚਲਿਆ ਸਾਂ

ਉਸ ਨੇ ਮੇਰੇ ਮੋਢੇ ਉਪਰ

ਸਹਿਵਨ ਅਪਣਾ ਹੱਥ ਧਰ ਦਿੱਤਾ

ਅੱਖੀਆਂ ਦੇ ਵਿਚ ਅੱਖੀਆਂ ਗੱਡ ਕੇ 

ਮੈਨੂੰ ਤੁਰਤ ਖੜਾ ਕਰ ਦਿੱਤਾ

ਮੁਸ਼ਕਲ ਨਾਲ ਪਛਾਣ ਕੇ ਮੈਨੂੰ ਆਖਣ ਲਗਾ

ਵਾਹ ਉਇ ਬੰਦਿਆ

ਤੂੰ ਵੀ ਅਪਣੇ ਧੜ ਦੇ ਉਤੇ

ਸੀਸ ਪਰਾਇਆ ਚੁੱਕੀ ਫਿਰਨੈਂ

ਮੈਨੂੰ ਆਪ–ਬਣਾਈ ਖ਼ਲਕਤ ਉਪਰ ਮਾਯੂਸੀ ਹੁੰਦੀ ਏ 

ਮੈਂ ਧੜ ਤੀਕ ਬਣਾ ਕੇ ਬੰਦੇ 

ਦੁਨੀਆਂ ਦੇ ਵਲ ਘਲ ਦੇਂਦਾ ਹਾਂ 

ਏਸ ਆਸ 'ਤੇ

ਆਪਣਾ ਸੀਸ ਰਚਨਗੇ ਆਪੇ

ਤਾਕਿ ਬੰਦੇ ਦੇ ਸਿਰ ਉਪਰ

ਮੇਰਾ ਕੋਈ ਹਸਾਨ ਨਾ ਹੋਵੇ 

ਪਰ ਬੰਦਿਆਂ ਨੂੰ ਅਜਬ ਕਾਹਲ ਏ 

ਅਪਣਾ ਸੀਸ ਰਚਨ ਦੀ ਥਾਵੇਂ 

ਅਪਣੇ ਧੜ 'ਤੇ ਸੀਸ ਪਰਾਇਆ 

ਧਰ ਕੇ ਹੀ ਕੰਮ ਸਾਰੀ ਜਾਂਦੇ 

ਕੰਮ ਸਾਰਨ ਨੂੰ ਜੀਊਣਾ ਕਹਿੰਦੇ

ਇਉਂ ਕਹਿ ਕੇ ਉਸ ਮੇਰੇ ਸਿਰ ਨੂੰ 

ਹੌਲਾ ਜਿਹਾ ਹਲੂਣਾ ਦਿੱਤਾ

ਚੁੱਲ੍ਹੇ ਉਤੋਂ ਹਾਂਡੀ ਵਾਂਗੂੰ 

ਮੇਰਾ ਸੀਸ ਅਲਗ ਕਰ ਦਿੱਤਾ

ਸਿਰ ਨੰਗੇ ਚੁੱਲ੍ਹੇ ਦੇ ਵਾਂਗੂੰ 

ਖ਼ਲਕਤ ਵਿਚੋਂ ਲੰਘ ਰਿਹਾ ਹਾਂ 

ਅਪਣੇ ਪਾਸ ਤਾਂ ਕੋਰੀ ਅੱਗ ਹੈ 

ਅਜੇ ਰੌਸ਼ਨੀ ਪੈਦਾ ਕਰਨੀ

📝 ਸੋਧ ਲਈ ਭੇਜੋ