ਧਰਤੀ ਦੇ ਬੋਲ

ਦੋ ਪਲ ਕੋਲ ਖਲੋ

ਵੇ ਰਾਹੀਆ

ਦੋ ਪਲ ਹੋਰ ਖਲੋ

ਪੂੰਝ ਦਿਆਂ ਤੇਰੇ ਮੱਥੇ ਉੱਤੋਂ 

ਮੁੜ੍ਹਕਾ ਰਿਹਾ ਚੋ 

ਦੋ ਪਲ ਹੋਰ ਖਲੋ।

ਦੱਸ ਖਾਂ ਬੀਬਾ ਕਾਹਦੀ ਜਲਦੀ

ਖਿੱਚ ਹੈ ਤੈਨੂੰ ਕਿਸ ਮੰਜ਼ਿਲ ਦੀ

ਕਿਸ ਵਾਅਦੇ ਤੋਂ ਡਰਦਾ ਏਂ ਤੂੰ 

ਦੇਰ ਨਾ ਜਾਵੇ ਹੋ

ਦੋ ਪਲ ਹੋਰ ਖਲੋ।

ਦੱਸ ਜਾ ਆਪਣਾ ਥੌਹ ਟਿਕਾਣਾ

ਕਿਥੋਂ ਤੁਰਿਆ ਕਿਥੇ ਜਾਣਾ

ਕਿਸ ਪੈਂਡੇ ਦੀ ਭਟਕਣ

ਤੇਰੇ ਪੈਰੀਂ ਗਈ ਸਮੋ

ਦੋ ਪਲ ਹੋਰ ਖਲੋ।

ਤੱਕ ਲੈ ਮਹਿਕਦੀਆਂ ਗੁਲਜ਼ਾਰਾਂ 

ਮਾਣ ਲੈ ਕੁਝ ਚਿਰ ਮੌਜ ਬਹਾਰਾਂ

ਜਾਂਦਾ ਪੱਲੇ ਬੰਨ੍ਹ ਲੈ ਜਾਵੀਂ 

ਫੁੱਲਾਂ ਦੀ ਖ਼ੁਸ਼ਬੋ

ਦੋ ਪਲ ਹੋਰ ਖਲੋ।

ਪੂੰਝ ਦਿਆਂ ਤੇਰੇ ਮੱਥੇ ਉੱਤੋਂ 

ਮੁੜ੍ਹਕਾ ਰਿਹਾ ਚੋ 

ਦੋ ਪਲ ਹੋਰ ਖਲੋ।

📝 ਸੋਧ ਲਈ ਭੇਜੋ