ਧਰਤੀ ਦੇ ਕੰਬਣ ਤੇ

ਉਹ ਤਾਂ ਧਰਤੀ ਦੇ ਕੰਬਣ ਤੇ ਡਿੱਗ ਪਏ ਸਨ ਸੱਜਣ ਜੀ

ਮਨ ਦੀ ਮਮਟੀ ਤੇ ਜੋ ਆਪਾਂ ਦੀਪ ਧਰੇ ਸਨ ਸੱਜਣ ਜੀ

ਕਿਸ ਦੀ ਸਿਤਮ - ਜ਼ਰੀਫ਼ੀ ਹੈ ਕਿ ਇਹ ਬੇ -ਛਾਂਵੇਂ ਹੋਏ ਨੇ 

ਇਹ ਬੂਟੇ ਤਾਂ ਪਿਛਲੇ ਸਾਲੀਂ ਬਹੁਤ ਹਰੇ ਸਨ ਸੱਜਣ ਜੀ

ਮੈਂ ਹਾਲੇ ਵੀ ਉਹਨਾ ਅੰਦਰ ਡੁਬਦਾ ਤਰਦਾ ਰਹਿੰਦਾ ਹਾਂ 

ਮੈਥੋਂ ਵਿਛੜਨ ਲੱਗਿਆਂ ਜੋ ਤੂੰ ਨੈਣ ਭਰੇ ਸਨ ਸੱਜਣ ਜੀ

ਕਦੇ ਕਦੇ ਹੁਣ ਵੀ ਉਹਨਾ ਦੀ ਯਾਦ ਸੁਆਂਦੀ ਲਗਦੀ ਹੈ 

ਆਪਾਂ ਰਲਕੇ ਲੋਕਾਂ ਦੇ ਜੋ ਸਿਤਮ ਜਰੇ ਸਨ ਸੱਜਣ ਜੀ

ਅੱਜ ਦੀ ਪਹਿਲੀ ਸੁਰਖੀ ਦੈ ਵਿਚ ਉਸ ਦੇ ਕਤਲ ਦਾ ਚਰਚਾ ਹੈ 

ਜਿਸ  ਨੇ  ਹੱਸ  ਕੇ  ਸੋਗ  ਭਰੇ  ਅਖ਼ਬਾਰ ਪੜ੍ਹੇ ਸਨ ਸੱਜਣ  ਜੀ

ਮੈਂ ਖੁਸ਼ ਹਾਂ ਕਿ ਜਿਸ ਦਿਨ ਮੈਨੂੰ ਪੱਥਰ ਮਾਰੇ ਜਾਣੇ ਸਨ 

ਇੱਕ ਫੁੱਲ ਲੈ ਕੇ ਲੋਕਾਂ ਦੇ ਵਿਚਕਾਰ ਖੜ੍ਹੇ ਸਨ ਸੱਜਣ ਜੀ

📝 ਸੋਧ ਲਈ ਭੇਜੋ