ਫ਼ੁੱਲ
ਕਿਤੇ ਵੀ ਉੱਗ ਆਉਂਦੇ ਨੇ
ਗੌਲ਼ੀਆਂ ਅਣਗੌਲ਼ੀਆਂ ਥਾਂਵਾਂ ਉੱਤੇ
ਬੀਆਬਾਨ ਸੁੰਨਸਾਨ ਰਾਹਵਾਂ ਵਿੱਚ
ਖੇਤਾਂ ਖਲਿਆਣਾਂ ਖੰਡਰਾਂ ਖ਼ਦਾਨਾਂ ਵਿੱਚ
ਪਹਿਆਂ ਪਗਡੰਡੀਆਂ ਵਾੜਾਂ ਵੱਟਾਂ ਬੰਨੇ
ਰੋਹੀਆਂ,ਰੱਕੜਾਂ,ਮਾਰੂ ਰਕਬਿਆਂ ਮੈਦਾਨਾਂ ‘ਚ
ਪਹਾੜਾਂ ਦੀਆਂ ਚੋਟੀਆਂ ਉੱਤੇ
ਸਾਗਰਾਂ ਦੇ ਕੰਢਿਆਂ ‘ਤੇ
ਫੁੱਲ ਧਰਤੀ ਦੇ ਸ਼ਾਇਰ ਹੁੰਦੇ ਨੇ…
ਕੁੱਲ ਆਲਮ ਦੀਆਂ ਬੇਸ਼ੁਮਾਰ
ਮਾਤ-ਭਾਸ਼ਾਵਾਂ ਦੇ ਸ਼ਾਇਰਾਂ ਵਾਂਗ
ਫ਼ੁੱਲ ਧਰਤੀ ਦੇ ਸ਼ਾਇਰ ਹੁੰਦੇ ਨੇ
ਸਭ ਗੌਲ਼ੀਆਂ ਅਣਗੌਲ਼ੀਆਂ ਥਾਂਵਾਂ ਦੀ ਜ਼ਬਾਨ
ਵੰਨ ਸਵੰਨੀ ਮਿੱਟੀ ਦੀ
ਰੰਗ ਬਰੰਗੀ ਤਾਸੀਰ ਦੀ ਪਹਿਚਾਣ।