ਧਰਤੀ ਕਰੇ ਪੁਕਾਰ ਬਹੁੜੋ ਹੇ ਕਰਤਾਰ

ਜਦ ਭਾਰਤ ਦੇ ਵਿਚ ਵਧ ਗਏ ਸਨ ਥਾਂ ਥਾਂ ਅਤਿਆਚਾਰ 

ਜਦ ਮੰਡੀ ਲੱਗੀ ਲਹੂ ਦੀ ਸਨ ਲੋਥਾਂ ਦੇ ਬਿਓਪਾਰ 

ਜਦ ਦੇਸ਼ ਮਸਾਣਾਂ ਹਾਰ ਸੀ ਤੇ ਕੌਮਾਂ ਸਨ ਮੁਰਦਾਰ 

ਜਦ ਆਪੋ ਧਾਪੀ ਪੈ ਗਈ ਜਦ ਵੱਧ ਗਈ ਮਿੱਤਰ ਮਾਰ 

ਜਦ ਭੂਤ ਚੁੜੇਲਾਂ ਡੈਣ ਦਾ ਸੀ ਘਰ ਘਰ ਭਰਮ ਵਿਚਾਰ 

ਜਦ ਜਾਦੂ ਟੂਣੇ ਵਰਤਦੇ ਸਨ ਮੂਰਖ ਮੂੜ੍ਹ ਗਵਾਰ 

ਜਦ ਧਰਤੀ ਦੀ ਹਿੱਕ ਆਫ਼ਰੀ ਤੇ ਜੀਣਾ ਸੀ ਦੁਸ਼ਵਾਰ 

ਜਦ ਰਾਜਾ ਪਰਜਾ ਕੂੜ ਸੀ ਜਦ ਕੂੜਾ ਸੀ ਸੰਸਾਰ 

ਜਦ ਕੂੜੇ ਮੰਡਪ ਮਾੜੀਆਂ ਜਦ ਕੂੜੇ ਬੈਸਣਹਾਰ 

ਜਦ ਕੂੜਾ ਰੁਪਾ ਸੋਇਨਾ ਜਦ ਕੂੜਾ ਪੈਨੁਣ ਹਾਰ 

ਜਦ ਕਾਇਆਂ ਕਪੜ ਕੂੜ ਸੀ ਜਦ ਕੂੜਾ ਰੂਪ ਅਪਾਰ 

ਜਦ ਚੇਲੇ ਸਾਜ਼ ਵਜਾਂਵਦੇ ਜਦ ਨੱਚਣ ਗੁਰੂ ਨਚਾਰ 

ਜਦ ਫੱਕੜ ਸਾਧੂ ਸੰਤ ਵੀ ਸਨ ਦੇਂਦੇ ਪਏ ਬੇਗਾਰ 

ਜਦ ਕਾਮੇ ਦੇ ਹੱਡ ਤੋੜ ਕੇ ਤੇ ਚਰਬੀ ਲਈ ਪੰਘਾਰ 

ਜਦ ਹੱਥੀਂ ਵੱਢ ਕੇ ਕਾਫ਼ਲੇ ਨਚ ਉੱਠੇ ਸਨ ਸਰਦਾਰ 

ਜਦ ਸੰਨ੍ਹ ਲਾਈਆਂ ਆਪ ਹੀ ਘਰ ਘਰ ਵਿਚ ਪਹਿਰੇਦਾਰ 

ਜਦ ਮੰਗਦੇ ਸੀ ਮੂੰਹ ਪਾੜ ਕੇ ਖ਼ੁਦ ਵੱਢੀ ਅਹੁਦੇਦਾਰ 

ਜਦ ਖੇਤ ਨੂੰ ਖਾ ਕੇ ਵਾੜ ਨੇ ਸਨ ਮਾਰੇ ਭੁਸ ਡਕਾਰ 

ਜਦ ਹੁਸਨ ਬਜ਼ਾਰੀਂ ਚੜ੍ਹ ਗਿਆ ਸੁਣ ਪੈਸੇ ਦੀ ਛਣਕਾਰ 

ਜਦ ਧੂਹ ਕੇ ਲੈ ਗਏ ਡੋਲੀਓਂ ਖ਼ੁਦ ਦੁਲਹਨ ਆਪ ਕਹਾਰ 

ਜਦ ਪਿੱਟੀ ਮਾਰ ਦੁਹੱਥੜਾਂ ਸਭ ਸਤ ਸਤਵੰਤੀ ਨਾਰ 

ਜਦ ਪੁੰਨ ਦਾ ਬੇੜਾ ਡੁੱਬਿਆ ਜਦ ਪਾਪ ਦਾ ਬੇੜਾ ਪਾਰ

ਜਦ ਚਾਨਣ ਦਾ ਢਿੱਡ ਪਾੜ ਕੇ ਨੌਂਹ ਪੂੰਝੇ ਸਨ ਅੰਧਿਆਰ 

ਜਦ ਸੜ ਕੇ ਕੋਲੇ ਹੋ ਗਏ ਕੁਲ ਧੌਲਰ ਮਹਲ ਮਿਨਾਰ 

ਜਦ ਸੁੰਝਾਂ ਬਣ ਕੇ ਹੋਣੀਆਂ ਡੱਫ ਗਈਆਂ ਸ਼ਹਿਰ ਬਜ਼ਾਰ 

ਜਦ ਜ਼ਿੰਦਾ ਗੱਡ ਮਨੁੱਖ ਨੂੰ ਕਰ ਦੇਂਦੇ ਸਨ ਸੰਗਸਾਰ 

ਜਦ ਜ਼ਹਿਰ ਮਿਲਾ ਕੇ ਵੇਚਦੇ ਸਨ ਸ਼ਰਬਤ ਵਿਚ ਅਤਾਰ 

ਜਦ ਗੱਲ ਗੱਲ ਉਤੇ ਚਲਦੀ ਪਈ ਮਾੜੇ ਗਲ ਤਲਵਾਰ 

ਜਦ ਜਿੱਲ੍ਹਾ ਕਰੇ ਨਵਾਬੀਆਂ ਤੇ ਝੂਰਣ ਪਏ ਹੁਸ਼ਿਆਰ 

ਜਦ ਸ਼ਮ੍ਹਾਂ ਸ਼ਮ੍ਹਾਂ ਦਾ ਬਣ ਗਿਆ ਅੱਕ ਟਿੱਡਾ ਦਾਹਵੇਦਾਰ 

ਜ਼ਦ ਕੁਲ ਤ੍ਰਿਲੋਕੀ ਹੋ ਗਈ ਤਪਦਿਕ ਦੇ ਨਾਲ ਬੀਮਾਰ 

ਜਦ ਸੁੱਟਣ ਲੱਗੀ ਖੰਘ ਕੇ ਲਹੂ ਭਿੱਜੇ ਹੋਏ ਖੰਘਾਰ 

ਜਦ ਪਿੰਨੀਆਂ ਪਿੰਜਰ ਸੁੱਕ ਕੇ ਸਨ ਹੋ ਗਏ ਛੌਡਿਆਂ ਹਾਰ 

ਜਦ ਗਈਆਂ ਵਰਤ ਪਿਲੱਤਣਾਂ ਤਨ ਪੀਲੇ ਵਾਂਙ ਵਸਾਰ 

ਜਦ ਕੁਦਰਤ ਦਾ ਮੂੰਹ ਚੂੰਢ ਕੇ ਲੁੱਟ ਖੜਿਆ ਕਿਸੇ ਨਿਖਾਰ 

ਜਦ ਬਾਂਗਾਂ ਹੋਈਆਂ ਬਉਰੀਆਂ ਸਭ ਮੁੱਲਾਂ ਸਨ ਲਾਚਾਰ 

ਜਦ ਵੱਜ ਵੱਜ ਬੋਲੀ ਹੋ ਗਈ ਕੁਲ ਟੱਲੀਆਂ ਦੀ ਟੁਣਕਾਰ 

ਤਦ ਧਰਤੀ ਚੀਕਾਂ ਮਾਰੀਆਂ ਤੇ ਕੀਤੀ ਹਾਹਾਕਾਰ 

ਤਦ ਸਤ ਅਸਮਾਨੀਂ ਚੀਰ ਕੇ ਜਾ ਕੂਕੀ ਇੰਜ ਪੁਕਾਰ 

ਤੇਰੀ ਰਚਨਾ ਮਿੱਟੀ ਹੋ ਗਈ ਮੁੜ ਬਹੁੜੀਂ ਬਹੁੜਣਹਾਰ 

ਝਟ ਉਖੜੀ ਬਿਰਤੀ ਓਸ ਦੀ ਜੋ ਸਭ ਦਾ ਸਿਰਜਣਹਾਰ 

ਉਸ ਆਸੇ ਪਾਸੇ ਵੇਖਿਆ ਸੀ ਹਾਜ਼ਰ ਕੁਲ ਦਰਬਾਰ 

ਉਥੇ ਹਾਜ਼ਰ ਬਿਸ਼ਨ ਮਹੇਸ਼ ਸੀ ਨਾਲੇ ਵਿਸ਼ਨੂੰ ਕ੍ਰਿਸ਼ਨ ਮੁਰਾਰ 

ਉਥੇ ਬੈਠੇ ਬ੍ਰਹਮਾ ਬੁੱਧ ਸੀ ਮਹਾਂਵੀਰ ਰਾਮ ਅਵਤਾਰ 

ਉਥੇ ਬਮਬਮ ਭੋਲੇ ਨਾਥ ਸੀ ਜਿਦ੍ਹੇ ਗਲ ਸਰਪਾਂ ਦੇ ਹਾਰ 

ਜਿਦ੍ਹੇ ਜੂੜੇ ਵਿਚੋਂ ਵਗਦੀ ਪਈ ਗੰਗਾ ਦੀ ਇਕ ਧਾਰ 

ਉਥੇ ਜੋਗੀ ਅਤੇ ਜੋਗੀਸ਼ਰੀ ਸਨ ਬੈਠੇ ਮੁਨੀ ਹਜ਼ਾਰ 

ਉਥੇ ਤਾ ਕੇ ਬੈਠੇ ਧੂਣੀਆਂ ਕਈ ਸਿਰ ਵਿਚ ਭਸਮ ਖਿਲਾਰ 

ਉਥੇ ਸਿੱਧ ਚੁਰਾਸੀ ਬੈਠ ਕੇ ਪਏ ਕਰਦੇ ਸਨ ਤਕਰਾਰ 

ਉਥੇ ਇੰਦਰ ਲਈ ਅਪੱਸਰਾਂ ਲੱਗੀਆਂ ਗਾਉਣ ਮਲ੍ਹਾਰ 

ਕਿਤੇ ਵਿਸ਼ਵਾ ਮਿੱਤਰ ਮੇਨਕਾ ਕਿਤੇ ਨੱਚਦੇ ਫਿਰਣ ਨਚਾਰ 

ਕਿਤੇ ਨਾਰਦ ਬੈਠਾ ਝੂਮ ਕੇ ਟੁਣਕਾਈ ਜਾਵੇ ਤਾਰ

ਉਥੇ ਹਜ਼ਰਤ ਈਸਾ ਵੇਖਿਆ ਜਿਹੜਾ ਹਸ ਹਸ ਚੜ੍ਹਿਆ ਦਾਰ 

ਉਥੇ ਹਜ਼ਰਤ ਮੂਸਾ ਵੇਖਿਆ ਕੋਹਿਤੂਰ ਦਾ ਦਾਅਵੇਦਾਰ 

ਉਥੇ ਵਲੀ ਮੁਹੰਮਦ ਸਾਹਿਬ ਸੀ ਜਿਦ੍ਹੀ ਕਾਹਬੇ ਵਲ ਨੁਹਾਰ 

ਉਥੇ ਬੈਠਾ ਹਜ਼ਰਤ ਨੂਹ ਸੀ ਲੈ ਬੇੜੀ ਤੇ ਪਤਵਾਰ 

ਉਥੇ ਬੈਠੇ ਨਾਨਕ ਪਾਤਿਸ਼ਾਹ ਪਏ ਜਪਦੇ ਸਤਿ ਕਰਤਾਰ 

ਉਥੇ ਬਾਕੀ ਸੱਤੇ ਸ਼ਹਿਨਸ਼ਾਹ ਸਨ ਬੈਠੇ ਚੌਂਕੜ ਮਾਰ 

ਉਥੇ ਹੋਰ ਵੀ ਦੂਜੇ ਔਲੀਆ ਸਨ ਬੈਠੇ ਬੇਸ਼ੁਮਾਰ 

ਤਦ ਸੋਚ ਸੋਚ ਕੇ ਰੱਬ ਨੇ ਇਕ ਕੀਤੀ ਇਹੋ ਵਿਚਾਰ 

ਮੈਂ ਸਮੇਂ ਸਮੇਂ ਹਾਂ ਭੇਜਦਾ ਵਿਚ ਦੁਨੀਆਂ ਦੇ ਅਵਤਾਰ 

ਅਜ ਕਿਹਨੂੰ ਭੇਜਾਂ ਉਪਰੋਂ ਮੈਂ ਕਲਜੁਗ ਦੇ ਵਿਚਕਾਰ 

ਜੋ ਤੇਗ਼ ਬਹਾਦਰ ਸਾਹਿਬ ਦਾ ਇਕ ਹੋਵੇ ਰੂਪ ਅਪਾਰ 

ਜੋ ਜਿੱਤੇ ਨਵਖੰਡ ਮੇਧਨੀ ਸਤਿਨਾਮ ਦਾ ਡੰਕਾ ਮਾਰ 

ਜਿਦ੍ਹੇ ਚਰਨ ਦਬਾਵਣ ਦੇਵਤੇ ਤੇ ਗਾਵਣ ਮੰਗਲਾਚਾਰ 

ਜੋ ਕੁਲ ਮੇਰੀ ਮਖ਼ਲੂਕ ਦਾ ਬਣ ਜਾਵੇ ਪਹਿਰੇਦਾਰ 

ਚਹੁੰ ਵਰਣਾਂ ਤੇ ਚਹੁੰ ਧਰਮ ਦੀ ਜੋ ਬੰਨ੍ਹੇ ਇਕ ਕਤਾਰ 

ਜੋ ਕਾਇਰਤਾ ਪਾਖੰਡ ਦਾ ਦਏ ਕਾਲਾ ਘੁੰਡ ਉਤਾਰ 

ਜੋ ਸੋਮਾ ਹੋਵੇ ਅਣਖ ਦਾ, ਜੋ ਸੱਚਾ ਸੁੱਚਾ ਪਿਆਰ 

ਜੋ ਚੜ੍ਹਦਿਓਂ ਲਹਿੰਦੇ ਤੀਕਰਾਂ ਦਏ ਪ੍ਰੇਮ ਦੀ ਚੋਗ ਖਿਲਾਰ 

ਜੋ ਹੋਕਾ ਦੇਵੇ ਹੱਕ ਦਾ ਜੋ ਆਖੇ ਸਤਿਕਰਤਾਰ

ਹਰ ਇਕ ਦੀ ਬਾਬਤ ਸੋਚਿਆ ਤਦ ਦਾਤੇ ਵਾਰੋ ਵਾਰ

ਫਿਰ ਦੂਜੀ ਵਾਰੀ ਤੱਕਿਆ ਰੱਬ ਭਰਿਆ ਕੁਲ ਦਰਬਾਰ 

ਤਦ ਟਿੱਕ ਗਈ ਨਜ਼ਰ ਦਾਤਾਰ ਦੀ ਇੰਜ ਬੋਲੇ ਸਿਰਜਣਹਾਰ 

ਮੈਂ ਲੱਭ ਲਿਆ ਦੁਨੀਆਂ ਵਾਲਿਓ ਤ੍ਰਿਲੋਕੀ ਦਾ ਸ਼ਿੰਗਾਰ 

ਜਿਦ੍ਹਾ ਮਸਤਕ ਨੂਰੋ ਨੂਰ ਹੈ ਜਿਦ੍ਹੀ ਮੇਰੇ ਜੇਹੀ ਨੁਹਾਰ 

ਮੈਂ ਆਪਣਾ ਆਪ ਹਾਂ ਭੇਜਦਾ ਗੁਰ ਗੋਬਿੰਦ ਜਾਮਾ ਧਾਰ 

ਇਹ ਦਸਵਾਂ ਨਾਨਕ ਥਾਪਿਆ ਮੈਂ' ਦੁਨੀਆਂ ਦੇ ਵਿਚਕਾਰ 

ਓਏ ਧੰਨ ਧੰਨ ਆਖੋ ਪ੍ਰਾਣੀਓ ਤੇ ਜਾਵੋ ਸਦ ਬਲਿਹਾਰ 

ਧੰਨ ਸੋਲ੍ਹਾਂ ਸੌ ਛਿਆਠ ਹੈ ਧੰਨ ਬਾਈ ਦਸੰਬਰ ਵਾਰ 

ਧੰਨ ਤੇਗ਼ ਬਹਾਦਰ ਸਾਹਿਬ ਨੇ ਜਿਹਨੂੰ ਬੰਦਨਾਂ ਬਾਰੰਬਾਰ 

ਧੰਨ ਮਾਤਾ ਗੁਜਰੀ ਹੋ ਗਈ ਧੰਨ ਉਸ ਦੀ ਕੁੱਖ ਅਪਾਰ

ਧੰਨ ਧਰਤੀ ਪਟਨਾ ਸਾਹਿਬ ਦੀ ਹੈ ਧੰਨ ਧੰਨ ਪ੍ਰਾਂਤ ਬਿਹਾਰ 

ਫਿਰ ਪਰਗਟ ਹੋਇਆ ਜਗ ਤੇ ਇਕ ਐਸਾ ਸੱਚ ਸਚਿਆਰ 

ਜਿਹਨੇ ਕਲਜੁਗ ਵਿਚ ਵਟਾਵਣਾ ਹੈ ਕਲਜੁਗ ਦਾ ਆਕਾਰ 

ਜਿਦ੍ਹੇ ਆਉਂਦਿਆਂ ਚਾਨਣ ਹੋ ਗਿਆ ਸਭ ਮਿਟਿਆ ਅੰਧ ਗ਼ੁਬਾਰ 

ਅਜ ਚਾਰੇ ਕੂੰਟਾਂ ਡਿੱਗੀਆਂ ਵਿਚ ਸੱਜਦੇ ਤੇ ਸਤਿਕਾਰ 

ਉਹਨੂੰ ਗੋਬਿੰਦ ਗੋਬਿੰਦ ਆਖਦੇ ਹਨ ਦੁਨੀਆਂ ਦੇ ਨਰ ਨਾਰ 

ਜਿਸ ਧਰਤੀ ਤੇ ਅਸਮਾਨ ਦੇ ਹਨ ਖੋਲ੍ਹੇ ਦਸਮ ਦੁਵਾਰ 

ਹੋ ਸਾਵਧਾਨ ਵਡਭਾਗੀਓ ਪਈ ਆਉਂਦੀ ਜੇ ਸਰਕਾਰ 

ਸਭ ਪਲਕਾਂ ਨੈਣ ਵਿਛਾ ਦਿਓ ਗੁਰ ਗੋਬਿੰਦ ਰਹੇ ਪਧਾਰ 

ਹੈ ਧੰਨ ਧੰਨ ਪੋਹ ਸੁਦੀ ਸਤਮੀ ਧੰਨ ਵਾਰ ਹੋਇਆ ਰਵੀਵਾਰ 

ਧੰਨ ਪੈੱਦੀ ਦਾਈ ਹੋ ਗਈ ਜਿਸ ਛੂਹਿਆ ਇਕ ਓਅੰਕਾਰ 

ਕਹੋ ਗੱਜ ਕੇ ਗੁਰਮੁਖ ਪਿਆਰਿਓ ਧੰਨ ਧੰਨ ਧੰਨ ਹੈ ਕਰਤਾਰ 

ਧੰਨ ਧੰਨ ਧੰਨ ਹੈ ਕਰਤਾਰ

ਧੰਨ ਧੰਨ ਧੰਨ ਹੈ ਕਰਤਾਰ

📝 ਸੋਧ ਲਈ ਭੇਜੋ