ਲੋਕ ਕਿੰਨਾ ਵੱਡਾ ਕਾਰਜ ਕਰ ਰਹੇ ਨੇ
ਕੁਝ ਵੀ ਨਾ ਕਰਕੇ
ਅੰਦਰ ਵੜਕੇ
ਹਵਾ ਨੂੰ ਸਾਹ ਆਉਣ ਲੱਗਾ ਹੈ
ਪਾਣੀ ਦੀ ਕਾਇਆ ਕਲਪ ਹੋਣ ਲੱਗੀ ਹੈ
ਚੁਫ਼ੇਰੇ ਚੁੱਪ ਦੀ ਅਵਾਜ਼ ਦਾ ਸਾਜ਼
ਸੁਣਾਈ ਦੇਣ ਲੱਗਾ ਹੈ
ਗਗਨ ਦਾ ਨੀਲਾ ਚੰਦੋਆ ਧੋਤਾ ਗਿਆ ਹੈ
ਚੰਨ ਨੇ ਚਿਰਾਂ ਬਾਅਦ
ਐਸੀ ਸਮੁੰਦਰਤਾ ਨੂੰ ਤੱਕਿਆ ਹੈ
ਅਕਾਸ਼ ਗੰਗਾ , ਕਹਿਕਸ਼ਾਂ , ਸਿਤਾਰੇ
ਝਿਲਮਿਲ ਝਿਲਮਿਲ ਕਰਨ ਲੱਗੇ ਹਨ
ਮੈਦਾਨਾਂ ਦੇ ਪਿੱਪਲ ਬਰੋਟੇ ਪਹਾੜਾਂ ਦੀਆਂ
ਚੋਟੀਆਂ 'ਤੇ ਬਿਖਰੀ ਨਿੱਖਰੀ
ਬਰਫ਼ੀਲੀ ਚਾਂਦੀ ਵੇਖ ਖੀਵੇ ਹੋਏ ਹਨ
ਲੋਕ ਅੰਦਰ ਵੜੇ ਹਨ
ਤਾਂ ਕਿਤੇ ਚਰਿੰਦੇ ਪਰਿੰਦੇ ਬਾਹਰ ਆਏ ਹਨ
ਮੋਰ ਵਿਹੜਿਆਂ ਬਨੇਰਿਆਂ 'ਤੇ
ਆ ਰੁਣਝੁਣ ਲਾਉਣ
ਪੈਲਾਂ ਪਾਉਣ ਲੱਗੇ ਹਨ
ਹਿਰਨਾਂ ਦੇ ਝੁੰਡ ਬਸਤੀਆਂ ਵਿੱਚ
ਟਪੂਸੀਆਂ ਮਾਰਨ ਲੱਗੇ ਹਨ
ਗੁਰਧਾਮਾਂ ਦੇ ਗ਼ੁੰਬਦਾਂ ‘ਤੇ ਬੈਠੀਆਂ
ਚਿੜੀਆਂ ਅਰਦਾਸ ਕਰ ਰਹੀਆਂ ਹਨ
ਲੋਕ ਕਿੰਨਾ ਵੱਡਾ ਕਾਰਜ ਕਰ ਰਹੇ ਨੇ
ਕੁਝ ਵੀ ਨਾ ਕਰਕੇ
ਅੰਦਰ ਵੜਕੇ
ਕ੍ਰਿਸ਼ਮਾ ਹੀ ਕਰ ਰਹੇ ਨੇ ਲੋਕ
ਕਿ ਸੁਹਾਵੀ ਧਰਤੀ ਆਪਣੇ ਜੀਆ ਜੰਤ ਸੰਗ
ਮੁੜ ਪਰਤੀ ਹੈ
ਆਪਣੇ ਆਪ ਕੋਲ਼।