ਤੂੰ ਮੰਨ ਚਾਹੇ ਨਾ
ਧਰਤੀ ਹੇਠਾਂ ਸੱਚ-ਮੁੱਚ ਇਕ ਧੌਲ ਹੈ
ਉਹ ਧਰਤੀ ਦੀਆਂ ਵੱਖੀਆਂ 'ਚ
ਸਿੰਗ ਚੋਭਦਾ
ਤੇ ਭੂਚਾਲ ਆ ਜਾਂਦਾ
ਉਹ ਧਰਤੀ ਨਹੀਂ ਚੁੱਕਦਾ
ਉਸ ਦੀ ਖ਼ਾਮੋਸ਼ੀ ਦਾ ਫ਼ਾਇਦਾ ਚੁੱਕਦਾ
ਉਸਨੂੰ ਸੋਭਦਾ
ਧਰਤੀ ਦਾ ਬੇਜ਼ੁਬਾਨ ਹੋਣਾ
ਚੁੱਪ ਨਾਲ ਮੁਹੱਬਤ ਹੈ ਉਸਨੂੰ
ਉਹ ਮੁਹੱਬਤ 'ਚ ਜ਼ਹਿਰ ਘੋਲਦਾ
ਤੇ ਪੂਰੇ ਦੇ ਪੂਰੇ ਜੀਵਨ ਨੂੰ
ਨੀਲਾ ਕਰ ਦਿੰਦਾ
ਉਹ ਗੁੱਝੀਆਂ ਸੱਟਾਂ ਮਾਰਦਾ
ਚੰਘਿਆੜਦਾ
ਤੇ ਆਪਣੇ ਸਿਰ ਬੰਨ੍ਹਦਾ
ਪੂਰੀ ਸ੍ਰਿਸ਼ਟੀ ਦੀ ਹੋਂਦ ਦਾ ਸਿਹਰਾ
ਉਂਜ ਬਹੁਤ ਖ਼ੌਫ਼ਜ਼ਦਾ ਹੈ ਧੌਲ
ਕਿ ਉਸ ਨੂੰ ਮਹਿਸੂਸ ਕਿਉਂ ਨਹੀਂ ਹੁੰਦੀ
ਧਰਤੀ ਅੰਦਰਲੀ ਖਿੱਚ ?
ਉਸਦੇ ਸਿਰ 'ਤੇ
ਚਿੰਗੁਮ ਵਾਂਗ ਕਿਉਂ ਨਹੀਂ ਚਿੰਬੜਦੀ ਧਰਤ ?
ਫ਼ੁੱਟਬਾਲ ਵਾਂਗ ਬੁੜ੍ਹਕ ਕਿਉਂ ਜਾਂਦੀ ਹੈ ?
ਜਦੋਂ ਖੁਭਦੇ ਨੇ
ਉਹਦੇ ਜ਼ਿਹਨ 'ਚ ਪ੍ਰਸ਼ਨਾਂ ਦੇ ਤੀਰ
ਤਾਂ ਉਹ ਧਰਤੀ ਦੇ ਹੁੱਝ ਮਾਰਦਾ
ਧਰਤੀ ਦੀਆਂ ਅੱਖਾਂ ਦੇ ਸਮੁੰਦਰ 'ਚ
ਜਵਾਰਭਾਟਾ ਆ ਜਾਂਦਾ
ਸ਼ਿਆਹ ਚੁੰਨੀ ਦੇ ਸਿਤਾਰੇ ਕਿਰ ਜਾਂਦੇ
ਮੱਥੇ ਦਾ ਚੰਦ
ਮੱਸਿਆ ਦੇ 'ਨ੍ਹੇਰੇ 'ਚ ਗੁਆਚ ਜਾਂਦਾ
ਗਲ ਦਾ ਮੰਗਲ-ਸੂਤਰ
ਥਰ-ਥਰ ਕੰਬਣ ਲੱਗਦਾ
ਘਰਾਂ ਦੀਆਂ ਨੀਹਾਂ ਹਿੱਲ ਜਾਂਦੀਆਂ
ਚੀਨੀ ਮਿੱਟੀ ਨਾਲ ਬਣੀਆਂ
ਰਿਸ਼ਤਿਆਂ ਦੀਆਂ ਪਲੇਟਾਂ ਤਿੜਕ ਜਾਂਦੀਆਂ
ਤੁਹਾਨੂੰ ਲੱਗਦਾ
ਧਰਤੀ ਡੋਲਦੀ ਹੈ
ਨਹੀਂ……
ਧਰਤੀ ਨਹੀਂ ਡੋਲਦੀ
ਉਹ ਤਾਂ ਕਰੋੜਾਂ-ਅਰਬਾਂ ਸਾਲਾਂ ਤੋਂ ਅਡੋਲ ਖੜ੍ਹੀ ਹੈ
ਡੋਲਦਾ ਤਾਂ ਧਰਤੀ ਹੇਠਲਾ ਧੌਲ ਹੈ