ਮੈਂ ਸਾਂ ਧੀ ਲਾਡਲੀ ਅੜੀਓ ਰਾਜੇ ਬਾਬੁਲ ਦੀ,
ਜੋ ਸੀ ਰਾਣੀਆਂ ਨਾਲੋਂ ਵੱਧਕੇ ਲਾਡ ਲਡਾਉਦਾ॥
ਬੇਸ਼ੱਕ ਕੁੜਤਾ ਭਿੱਜਾ ਰਹਿੰਦਾ ਅੱਤ ਗਰੀਬੀ ਚ,
ਮੇਰੀਆਂ ਸਭੇ ਰੀਝਾਂ ਤਾਵੀ ਰਿਹਾ ਪੁਗਾਉਦਾ॥
ਮੈਂ ਵੀ ਇੱਕ ਹਾਕ ਤੇ ਭੱਜੀ ਆਉਣਾ ਸੱਚ ਜਾਣੀ,
ਮੈਨੂੰ ਲਾਡੋ ਰਾਣੀ ਕਹਿ ਕੇ ਰਿਹਾ ਬਲਾਉਦਾ॥
ਜਦ ਵੀ ਘਰ ਨੂੰ ਮੁੜਦਾ ਸੀ ਉਹ ਆਥਣ ਵੇਲ਼ੇ ਨੂੰ,
ਮੱਥਾ ਚੁੰਮਕੇ ਸੀ ਫਿਰ ਘੁੱਟਕੇ ਸੀਨੇ ਲਾਉਦਾ॥
ਬਾਬੁਲ ਬੋਹੜਿਆ ਨਈਉਂ ਕਿੰਨੇ ਅਰਸੇ ਬੀਤ ਗਏ,
ਅੱਖਾਂ ਥੱਕ ਗਈਆਂ ਤੂੰ ਕਿਉਂ ਵਾਪਿਸ ਆਉਦਾ॥
ਦੱਸ ਤੂੰ ਕਿੱਥੇ ਲੈ ਜਾਦਾ ਏ ਖੋਹ ਕੇ ਪਿਆਰਿਆਂ ਨੂੰ,
ਕਿਉਂ ਨੀਂ ਵਿਛੜੀਆਂ ਰੂਹਾ ਫਿਰ ਆਪ ਮਿਲਾਉਦਾ॥