ਮੈਨੂੰ ਤੇ ਮਾਂ ਦੇ ਗਰਭ ’ਚ ਹੀ ਪਤਾ ਲੱਗ ਗਿਆ ਸੀ।
ਜਦ ਪਿਓ ਦੇ ਢਿੱਡ ’ਚ ਮੀਟ ਤੇ ਮਾਂ ਦੇ ਹਿੱਸੇ ਬਿਹਾ ਸਾਗ ਪਿਆ ਸੀ।
ਮਾਂ ਦੀ ਭੁੱਖ ਵੀ ਵੇਖੀ, ਸਭ ਨੂੰ ਖੁਆ ਕੇ ਉਸ ਦੇ ਢਿੱਡ 'ਚ
ਸਭ ਦੀ ਬਚੀ-ਖੁਚੀ ਡਿਗਦੀ ਮੈਂ ਵੇਖੀ ਹੈ।
ਜਿਸ ਨੂੰ ਓਹਨੇ ਆਪਣੀ ਨਾਭੀ ਰਾਹੀਂ ਮੇਰੇ ਵਿੱਚ ਪਾ ਦਿੱਤਾ ਸੀ।
ਮੈਂ ਰੋਂਦੀ ਮਾਂ ਸ਼ਰਾਬੀਆਂ ਦੇ ਭਾਂਡੇ ਮਾਂਜਦੀ ਵੇਖੀ ਹੈ।
ਨਾਨਕ ਸਾਹਿਬ ਨਾਲ਼ ਰੁੱਸ ਜਾਂਦੀ ਸੀ
ਕਿ ਰਹਿਰਾਸ ਦਾ ਵੇਲ਼ਾ ਤੇ ਘਰ ’ਚ ਬੜ੍ਹਕਾਂ ਕਿਉਂ ਵੱਜੀਆਂ।
ਘਰਦਿਆਂ ਅੱਗੇ ਨਾ ਬੋਲਦੀ।
ਨਾਨਕ ਨਾਲ਼ ਲੜਦੀ, ਉੱਚੀਆਂ ਕਰ ਕਰ ਅੱਡੀਆਂ।
ਮੈਂ ਵੇਖਿਆ ਹੈ ਉਦੋਂ, ਕਿੰਝ ਮਾਂ ਨੇ ਰੀਝਾਂ ਦੱਬੀਆਂ।
ਮੈਂ ਵੇਖਿਆ ਕੁੱਖ ’ਚ, ਮਾਂ ਨੂੰ ਪਾਟੇ ਸਿਊਂਦੀ ਨੂੰ।
ਲੋਕਾਂ ਦੇ ਮੰਜੇ, ਦਰੀਆਂ ’ਤੇ ਬੂਟੇ ਪਾਉਂਦੀ।
ਤੇ ਨਾਨਕ ਨਾਮ ਧਿਆਉਂਦੀ ਨੂੰ।
ਮੈਂ ਵਾਇਦਾ ਕੀਤਾ ਸੀ ਕੁੱਖ ਵਿੱਚ ਕਿ ਤੈਨੂੰ ਕੁਝ ਨਹੀਂ ਦੱਸਣਾ।
ਬੱਸ ਇੱਕ ਚੀਜ ਤੇਰੇ ਵਾਂਗੂੰ ਕਰਨੀ, ਜਿਹੜਾ ਨਾਨਕ-ਨਾਨਕ ਜੱਪਣਾ।
ਕੁੱਖਾਂ ਵਿੱਚ ਹੀ ਕਾਤਲ ਜੰਮਦੇ, ਕੁੱਖਾਂ ਵਿੱਚ ਹੀ ਨਾਨਕ।
ਕੁੱਖਾਂ, ਰੁੱਖਾਂ ਖ਼ਾਤਰ ਸਰਬ ਨੇ ਲੜ ਕੇ, ਬਣਨਾ ਹੀਰਾ ਮਾਣਕ।
ਤੇ ਜਪਣਾ ਨਾਨਕ-ਨਾਨਕ।