ਜੇ ਤੇਰੇ ਘਰ ਵੀਰ ਨੇ ਮੇਰੀਏ ਮਾਏ,
ਦੱਸ ਮੈਨੂੰ ਕਿਉਂ ਤੂੰ ਕੁੱਖੋਂ ਮਾਰਿਆ।
ਮੈਂ ਵੀ ਰੱਖਦੀ ਬਾਬਲਾ ਲਾਜ ਤੇਰੀ,
ਦੱਸ ਮੈਨੂੰ ਕਿਉਂ ਤੂੰ ਸੂਲੀ ਚਾੜ੍ਹਿਆ।
ਪਾਵਾਂ ਦੁਹਾਈ ਰੱਬਾ ਮੈਂ ਤੈਨੂੰ ਵੇ,
ਜੇ ਉੱਤੇ ਬੁਲਾਉਣਾ ਹੀ ਸੀ ਢਿੱਡੀਂ ਕਿਉਂ ਤਾਰਿਆ।
ਮਾਏ ਤੂੰ ਵੀ ਤਾਂ ਕਿਸੇ ਦੀ ਧੀ ਹੀ ਸੀ,
ਫੇਰ ਮੇਰੇ 'ਤੇ ਹੀ ਕਿਉਂ ਕਿਹਰ ਕਮਾ ਲਿਆ।
ਤੇਰਾ ਚਿੜੀਆਂ ਦਾ ਚੰਬਾ ਮੈਂ ਬਣਦੀ ਬਾਬਲਾ,
ਕਿਉਂ ਤੀਰ ਮੇਰੇ ਸੀਨੇ ਬਾੜਿਆ ਤੂੰ।
ਨੀਂ ਮਾਏ ਮੇਰੀਏ ਦਰਦ ਵੰਡਾਉਂਦੀ ਤੇਰੇ,
ਕਿਉਂ ਕੱਢੀ ਮਾਏ ਢਿੱਡੋਂ ਮੇਰੀ ਰੂਹ।
ਤੇਰੇ ਗੁੱਟ 'ਤੇ ਰੱਖੜੀ ਮੈਂ ਬੰਨ੍ਹਦੀ ਵੀਰਾ,
ਸ਼ਗਨ 'ਚ ਤੇਰੀ ਖੈਰ ਮੰਗਦੀ ਵੇ।
ਨਾ ਲੱਗਣ ਦਿੰਦੀ ਦਾਗ਼ ਤੇਰੀ ਪੱਗ ਨੂੰ ਵੀਰਾ,
ਦੁਨੀਆਂ ਤੋਂ ਰਹਿੰਦੀ ਮੈਂ ਸੰਗਦੀ ਵੇ।
ਡੋਲੀ ਉੱਠਦੀ ਮੇਰੀ ਬਾਬਲਾ ਤੇਰਾ ਵਿਹੜਾ ਹੁੰਦਾ,
ਕਿੱਥੇ ਲਾਸ਼ ਮੇਰੀ ਤੂੰ ਚੁੱਕਦਾ ਵੇ।
ਜੇ ਪਾਪ ਕਮਾਇਆ ਰੱਬ ਨੇ ਵੇਖ ਲਿਆ,
ਦੱਸ ਫੇਰ ਕਿਉਂ ਤੂੰ ਬਾਬਲਾ ਲੁਕਦਾ ਵੇ।
ਮੈਂ ਮਰ ਕੇ ਵੀ ਤੇਰੇ ਵਿਹੜੇ ਵਿੱਚ ਖੇਡਾਂ,
ਸ਼ੈਰੀ ਨਾ ਤੂੰ ਦਰਦ ਮੇਰਾ ਫਰੋਲਦਾ ਈਂ।
ਕਿਉਂ ਲਿਖ ਕਲ਼ਮੀ ਰੁਆਵੇ ਮੇਰੇ ਬਾਬਲ ਨੂੰ,
ਲਿਖ ਸੱਚ ਰੋਵੇ ਕਿਉਂ ਤੂੰ ਬੋਲਦਾ ਨਈਂ।