ਧੀਰ ਧਰ ਐ ਮੁਹੱਬਤੇ ਨਾ ਢਾਹ ਹੌਸਲਾ,
ਈਰਖਾ ਅੰਤ ਨੂੰ ਹਾਰ ਹੀ ਜਾਏਗੀ ।
ਬੀਤ ਜਾਏਗਾ ਵੈਣਾਂ ਦਾ ਮੌਸਮ ਕਦੇ,
ਫੇਰ ਸ਼ਗਨਾਂ ਦੀ ਘੋੜੀ ਕਹੀ ਜਾਏਗੀ ।
ਹੁਣ ਤਾਂ ਸ਼ਾਦੀ 'ਚ ਖੁਸ਼ੀਆਂ ਤੇ ਹਾਸੇ ਵੀ ਨੇ,
ਹੁਣ ਗ਼ਮੀ ਵਿਚ ਦਿਲਾਂ ਨੂੰ ਦਿਲਾਸੇ ਵੀ ਨੇ,
ਇੰਜ ਹੀ ਦੂਰ ਦੂਰ ਜੇ ਤੂੰ ਹੁੰਦਾ ਗਿਉਂ,
ਫਿਰ ਗ਼ਮੀ ਕੀ ? ਖੁਸ਼ੀ ਨਾ ਸਹੀ ਜਾਏਗੀ।
ਦੋਸਤਾ ਦੇਖ ! ਦੀਵਾਰ ਸਾਂਝੀ ਹੈ ਜੋ,
ਬਾਰਸ਼ਾਂ ਦੇ ਹਵਾਲੇ ਹੈ ਕੀਤੀ ਅਸਾਂ,
ਜੇ ਨਾ ਲਿੰਬੀ ਗਈ, ਜੇ ਨਾ ਪੋਚੀ ਗਈ,
ਢਹਿ ਰਹੀ ਹੈ ਤੇ ਇੰਜ ਹੀ ਢਹੀ ਜਾਏਗੀ।
ਅੱਖ ਰੱਖਦਾ ਏਂ ਨੀਵੀਂ ਭਲਾ ਕਾਸ ਤੋਂ,
ਡਰ ਗਿਆ ਹੈਂ ਕਿਉਂ ਆਪਣੇ ਆਪ ਤੋਂ ।
ਵਕਤ ਮਾੜਾ ਸਹੀ ਗੁਜ਼ਰ ਹੀ ਜਾਏਗਾ,
ਰਾਤ ਕਾਲੀ ਸਹੀ ਬੀਤ ਹੀ ਜਾਏਗੀ ।
ਬਹੁਤ ਬਿਖੜੀ ਸਹੀ, ਨੀਵੀਂ ਉੱਚੀ ਸਹੀ,
ਗੁਰਦਮਾਰੀ ਤੇ ਪੀੜਾਂ ਪਰੁੱਚੀ ਸਹੀ,
ਜਿਸ ਪੜਾਓ ਤੇ ਤੂੰ ਪਹੁੰਚਣਾ ਲੋਚਦੈਂ,
ਉਸ ਪੜਾਓ ਤੇ ਏਹੋ ਪਹੀ ਜਾਏਗੀ ।