ਸੱਜਣ ਧੋਖੇਬਾਜ਼ ਨਾ ਹੁੰਦਾ ।
ਤਾਂ ਬੇਤਾਲਾ ਸਾਜ਼ ਨਾ ਹੁੰਦਾ ।
ਕਾਵਾਂਰੌਲ਼ੀ ਹੀ ਸੁਣਨੀ ਸੀ
ਜੇ ਕੀਤਾ ਰੱਯਾਜ਼ ਨਾ ਹੁੰਦਾ ।
ਹਿੰਦੁਸਤਾਨੀ ਬਣ ਜਾਣਾ ਸੀ
ਜੇ ਤੂੰ ਲੀਤਾ ਦਾਜ ਨਾ ਹੁੰਦਾ ।
ਜਾਤ ਪਾਤ ਤੂੰ ਛੱਡ ਦੇਣੀ ਸੀ
ਜੇ ਵੋਟਾਂ ਦਾ ਕਾਜ ਨਾ ਹੁੰਦਾ ।
ਲੋਕਾਂ ਨੰਗੇ ਹੋ ਜਾਣਾ ਸੀ
ਜੇ ਕੋਈ ਰਸਮ ਰਿਵਾਜ਼ ਨਾ ਹੁੰਦਾ ।
ਬੋਲੀ ਤੇਰੀ ਬਦਲ ਗਈ ਏ
ਕੱਲ੍ਹ ਕਦੀ ਵੀ ਆਜ ਨਾ ਹੁੰਦਾ ।
ਲੋਕਾਂ ਦਾ ਮਨ ਪੜ੍ਹ ਲੈਂਦਾ ਜੇ
ਖੁੱਲ੍ਹਿਆ ਤੇਰਾ ਪਾਜ ਨਾ ਹੁੰਦਾ ।
ਤੂੰ ਵੀ ਨਬਜ਼ ਪਕੜ ਲੈਣੀ ਸੀ
ਜੇ ਤੇਰੇ ਸਿਰ ਤਾਜ਼ ਨਾ ਹੁੰਦਾ ।
ਮੁਰਗ ਮੁਸੱਲਮ ਕਿਸ ਖਾਣਾ ਜੇ
ਤੜਕੇ ਵਿੱਚ ਪਿਆਜ਼ ਨਾ ਹੁੰਦਾ ।
ਕਿਸ ਦੱਸਣਾ ਸੀ ਜੀਵਨ ਜੀਣਾ
ਜੇ ਦਸ਼ਮੇਸ਼ ਦਾ ਬਾਜ ਨਾ ਹੁੰਦਾ ।
ਗੀਤ ਗ਼ਜ਼ਲ ਕਿਉਂ ਕਹਿੰਦਾ 'ਉੱਪਲ'
ਜੇ ਉਸ ਕੋਲ਼ੇ ਰਾਜ਼ ਨਾ ਹੁੰਦਾ ।