ਤੈਨੂੰ ਵਾਜਾਂ ਮਾਰਾਂ ਮੈਂ, ਖੜੀ ਹਸ਼ਰ ਦਿਹਾੜੇ ਦੀ। 

ਤੈਨੂੰ ਯਾਦ ਜੇ ਜਾਵੇ, ਘੜੀ ਹਸ਼ਰ ਦਿਹਾੜੇ ਦੀ।

ਗੱਲ ਤਖ਼ਤ ਹਜ਼ਾਰੇ ਦੀ

ਜਾਂ ਫ਼ਜਰ ਦੇ ਤਾਰੇ ਦੀ

ਜਾਂ ਅੰਬਰ ਸਾਰੇ ਦੀ

ਬੀਬਾ ਬਾਤ ਪੁਰਾਣੀ ਹੈ, ਬੜੀ ਹਸ਼ਰ ਦਿਹਾੜੇ ਦੀ,

ਗੱਲ ਆਖਣ ਵਾਲੀ ਨਾਂਹ, ਖਰੀ ਹਸ਼ਰ ਦਿਹਾੜੇ ਦੀ।

ਰੋ ਪੂਰਨ ਖੂਹੇ ਤੇ

ਸੌਂ ਖੰਜਰ ਸੂਹੇ ਤੇ

ਬਹਿ ਸੱਖਣੇ ਬੂਹੇ ਤੇ

ਮੈਂ ਸਿੱਕ ਸਿੱਕ ਤੈਨੂੰ ਵੇ, ਮਰੀ ਹਸ਼ਰ ਦਿਹਾੜੇ ਦੀ, 

ਫੜ ਜਲੇ ਕਲੇਜੇ ਨੂੰ, ਖੜੀ ਹਸ਼ਰ ਦਿਹਾੜੇ ਦੀ।

ਇਕ ਕਤਰਾ ਖ਼ੂਨੀ ਵੇ

ਖਾ ਗਸ਼ਾਂ ਜਨੂੰਨੀ ਵੇ

ਪਿਆ ਫ਼ਜਰ ਦੀ ਜੂੰਨੀ ਵੇ

ਇਹ ਨਦੀ ਗੁਮਾਨੀ ਵੋ, ਭਰੀ ਹਸ਼ਰ ਦਿਹਾੜੇ ਦੀ,

ਵਾ ਕਹਿਰ ਦੀ ਸੂਰਜ ਤੱਕ, ਚੜ੍ਹੀ ਹਸ਼ਰ ਦਿਹਾੜੇ ਦੀ।

ਜੋ ਸਹਿਮ ਕਲੇਜੇ ਵੇ

ਸੌਂ ਸੂਰਜ ਸੇਜੇ ਵੇ

ਅੱਗ ਪੌਣਾਂ ਭੇਜੇ ਵੇ

ਅੱਖ ਥਲਾਂ ਜਿਉਂ ਬਲੇ ਪਈ, ਲੜੀ ਹਸ਼ਰ ਦਿਹਾੜੇ ਦੀ,

ਸਾਨੂੰ ਘੋਲ ਪਿਲਾ ਬੀਬਾ, ਜੜੀ ਹਸ਼ਰ ਦਿਹਾੜੇ ਦੀ।

ਸੁਣ ਗੀਤ ਮੁਜਾਹਦਾਂ ਦੇ

ਰਣ ਖ਼ੂਨ ਦੇ ਸ਼ਾਹਦਾਂ ਦੇ

ਰੰਗ ਚੜ੍ਹਦੇ ਯਾਦਾਂ ਦੇ

ਮੈਂ ਆਂਗਣ ਤੇਰੇ ਵੇ, ਵਰੀ ਹਸ਼ਰ ਦਿਹਾੜੇ ਦੀ, 

ਕਿੰਞ ਸੂਰਜ ਵੇਖ ਸਕੇ, ਪਰੀ ਹਸ਼ਰ ਦਿਹਾੜੇ ਦੀ !

ਜਿੰਦ ਕਤਰਾ ਸਹਿਮ ਬਣੇ

ਤਿਰਾ ਚਾਨਣ ਵਹਿਮ ਬਣੇ

ਸਭ ਸੂਰਜ ਰਹਿਮ ਬਣੇ

ਸਾਨੂੰ ਯਾਦ ਝਨਾਂ ਬੀਬਾ, ਤਰੀ ਹਸ਼ਰ ਦਿਹਾੜੇ ਦੀ, 

ਅੱਗ ਅੱਥਰੂ 'ਚ ਸਿਦਕਾਂ ਦੀ, ਜਰੀ ਹਸ਼ਰ ਦਿਹਾੜੇ ਦੀ।

ਗਾ ਸਾਲ ਮਹੀਨੇ ਵੇ

ਚੁੰਮ ਲਾ ਲਾ ਸੀਨੇ ਵੇ

ਅਸਾਂ ਤੂਰ ਜਬੀਨੇ ਵੇ

ਤੈਂ ਬਾਤ ਅਣੋਖੀ ਜੋ, ਜੜੀ ਹਸ਼ਰ ਦਿਹਾੜੇ ਦੀ,

ਅਸਾਂ ਘੁੰਡ ਵਿਚ ਡੱਕ ਰੱਖੀ, ਘੜੀ ਹਸ਼ਰ ਦਿਹਾੜੇ ਦੀ।

ਰੂਹ ਸਾਂਦਲ ਬਾਰਾਂ ਦੀ

ਜਿੰਦ ਸ਼ਾਹ ਅਸਵਾਰਾਂ ਦੀ

ਗੱਲ ਸੋਹਣਿਆਂ ਯਾਰਾਂ ਦੀ

ਰੁੱਤ ਯਾਦ ਦੇ ਮੁਲਕਾਂ ਦੀ, ਹਰੀ ਹਸ਼ਰ ਦਿਹਾੜੇ ਦੀ, 

ਬੀਬਾ ਠੱਲ੍ਹਿਆਂ ਠੱਲ੍ਹਦੀ ਨਹੀਂ, ਝੜੀ ਹਸ਼ਰ ਦਿਹਾੜੇ ਦੀ।

📝 ਸੋਧ ਲਈ ਭੇਜੋ