ਢੋਲੀਆ ਵੇ ਢੋਲੀਆ

ਢੋਲੀਆ, ਵੇ ਢੋਲੀਆ !

ਮੇਰੇ ਬੇਲੀਆ !!

ਇਕ ਡੱਗਾ ਢੋਲ ਤੇ ਲਾਂਦਾ ਜਾ

ਮੇਰਾ ਸੁਤੜਾ ਦੇਸ਼ ਜਗਾਂਦਾ ਜਾ

ਸਾਰੀ ਦੁਨੀਆਂ ਜਾਗੀ

ਮੇਰੇ ਦੇਸ਼ ਨੂੰ ਨੀਂਦਰ ਆਈ

ਪੱਛੜੀ ਸਾਡੀ ਹਾੜੀ-ਸਾਉਣੀ

ਪਛੜੀ ਬਾਰ-ਬਿਆਈ

ਸੁਪਨੇ ਵਰਗੀ ਧਰਤੀ ਸਾਡੀ

ਫਿਰਦੀ ਹੈ ਕੁਮਲਾਈ

ਤੂੰ ਧਰਤੀ ਦੇ ਜਾਇਆਂ ਨੂੰ

ਇਕ ਸਾਵਾ ਗੀਤ ਸੁਣਾਂਦਾ ਜਾ

ਇਕ ਡੱਗਾ ਢੋਲ ਤੇ ਲਾਂਦਾ ਜਾ

ਮੇਰਾ ਸੁਤੜਾ ਦੇਸ਼ ਜਗਾਂਦਾ ਜਾ

ਜਾਗੇ ਮਿੱਟੀ, ਜਾਗਣ ਫ਼ਸਲਾਂ

ਜਾਗਣ ਹਾਲੀ ਪਾਲੀ

ਜਾਗਣ ਮੇਰੇ ਲਾਖੇ ਕਾਲੇ

ਜਾਗੇ ਹੱਲ ਪੰਜਾਲੀ

ਜਾਗੇ ਮੇਰੇ ਸਿੱਟਿਆਂ ਦੇ ਵਿਚ

ਨਵੀਂ ਕੋਈ ਹਰਿਆਲੀ

ਤੂੰ ਧਰਤੀ ਦਾ ਚੱਪਾ ਚੱਪਾ

ਸੁਹਣਾ ਸਵਰਗ ਬਣਾਂਦਾ ਜਾ

ਇਕ ਡੱਗਾ ਢੋਲ ਤੇ ਲਾਂਦਾ ਜਾ

ਮੇਰਾ ਸੁਤੜਾ ਦੇਸ਼ ਜਗਾਂਦਾ ਜਾ

ਜਾਗੇ ਅੱਜ ਧਰਤੀ ਦਾ ਵਾਰਿਸ

ਜਾਗੇ ਖੇਤ ਦਾ ਰਾਣਾ

ਕਹਿ ਧਰਤੀ ਦੇ ਜਾਇਆਂ ਨੂੰ

ਕੋਈ ਛੋਹਣ ਗੀਤ ਸੁਹਾਣਾ

ਮਿੱਟੀ ਦੇ ਵਿਚ ਸੂਝ ਰਲਾ ਕੇ

ਬੀਜੋ ਦਾਣਾ ਦਾਣਾ

ਨਵੇਂ ਯੁੱਗ ਦੀ ਨਵੀਂ ਚੇਤਨਾ

ਮੱਥੇ ਨਾਲ ਛੁਹਾਂਦਾ ਜਾ

ਇਕ ਡੱਗਾ ਢੋਲ 'ਤੇ ਲਾਂਦਾ ਜਾ

ਮੇਰਾ ਸੁਤੜਾ ਦੇਸ਼ ਜਗਾਂਦਾ ਜਾ

ਇਹ ਮਿੱਟੀ ਸਾਡੇ ਲੱਖ ਸ਼ਹੀਦਾਂ

ਲਹੂਆਂ ਵਿਚ ਹੰਘਾਲੀ

ਇਸ ਮਿੱਟੀ ਲਈ ਲੱਖ ਜਵਾਨਾਂ

ਸਿਰ ਦੀ ਹੋਲੀ ਬਾਲੀ

ਇਸ ਮਿੱਟੀ ਦੀ ਨਾਲ ਮੋਤੀਆਂ

ਭਰਨੀ ਝੋਲ ਹੈ ਖ਼ਾਲੀ

ਇਸ ਮਿੱਟੀ ਨੂੰ ਦੇਸ਼ ਵਾਸੀਆ

ਹਰਦਮ ਸੀਸ ਨਿਵਾਂਦਾ ਜਾ

ਇਕ ਡੱਗਾ ਢੋਲ 'ਤੇ ਲਾਂਦਾ ਜਾ

ਮੇਰੇ ਸੁਤੜੇ ਖੇਤ ਜਗਾਂਦਾ ਜਾ

📝 ਸੋਧ ਲਈ ਭੇਜੋ