ਨਹੀਂ
ਮੈਂ ਤੈਨੂੰ ਦਾਨ ਵਿੱਚ
ਕੁਝ ਨਹੀ ਦੇਵਾਂਗੀ
ਇਸ ਤੇ ਕੋਈ ਹੱਕ ਨਹੀ ਹੈ ਤੇਰਾ।
ਕਾਣੀ-ਵੰਡ ਨਹੀ ਕਰਾਂਗੀ
ਭਾਵੇਂ ਕੀਤੀ ਹੋਵੇ ਤੇਰੇ ਰੱਬ ਨੇ ਨਾਲ ਮੇਰੇ।
ਕਿਉਂਕਿ ਰੱਬ ਨਹੀਂ ਹਾਂ ਮੈਂ
ਨਾ ਹੀ ਪਹੁੰਚ ਹੈ ਮੇਰੀ ਉਸ ਤੱਕ,
ਹੋ ਸਕਦੀ ਸੀ ਪਹੁੰਚ ਤਾਂ
ਜੇ ਕਿਧਰੇ ਟਿੱਲੇ ਤੇ ਧੂਣੀ ਲਾ ਬਹਿੰਦੀ
ਪਿੰਡੇ ‘ਤੇ ਮਲ ਕੇ ਸੁਆਹ ਅਲੱਖ ਜਗਾ ਲੈਦੀ।
ਪਰ ਗੱਲ ਹੈ ਅਹਿਮੀਅਤ ਦੀ ਸਾਰੀ
ਮੇਰੇ ਲਈ ਧੂਣੀ ਬਾਲਣ ਤੋਂ ਅਹਿਮ ਸੀ
ਘਰ ਦੇ ਚੁੱਲੇ ਵਿੱਚ ਬਾਲਣਾ ਅੱਗ ।
ਕੰਨਾਂ ਵਿੱਚ ਕਿਵੇਂ ਪਾ ਸਕਦੀ ਸਾਂ
ਕੱਚ ਦੀਆਂ ਮੁੰਦਰਾਂ
ਕੰਨ ਤਾਂ ਬਚਪਨ ਵਿੱਚ ਹੀ
ਵਿੰਨ ਦਿੱਤੇ ਸਨ ਨਾਲ ਸੂਲ਼ਾਂ ਦੇ ।
ਸੂਲ਼ਾਂ ਵਿੰਨੇਂ ਜਿਸਮ ਨੂੰ ਲੈ ਕੇ
ਦਰ-ਦਰ ਕਿਵੇਂ ਭਟਕਦੀ
ਅਲੱਖ ਨਿਰੰਜਨ ਕਹਿੰਦੀ ।
ਸਿਰ ‘ਤੇ ਵੀ ਬਹੁਤ ਭਾਰ ਸੀ
ਸਦਾਚਾਰ ਦਾ ਟਿੱਕਿਆਂ ਹੋਈਆ ਸੀ ਟੋਕਰਾ ।
ਰੋਡ-ਭੋਡ ਹੋ ਕੇ
ਜਦੋ ਤੂੰ ਦਰਾਂ ਤੇ ਖੜ੍ਹਾ ਹੁੰਦੈ ਖ਼ੈਰਾਤ ਲਈ
ਤਾਂ ਜੀਅ ਕਰਦੈ
ਸਿਰ ‘ਤੇ ਲਈ ਓੜਨੀ ਨੂੰ
ਤੇਰੇ ਮੂੰਹ ਤੇ ਵਗਾਹ ਮਾਰਾਂ
ਹੱਥੀ ਪਕਾਇਆ ਮੰਨਅ ਦੇਣ ਤੋਂ
ਕੋਰੀ ਨਾਂਹ ਕਰ ਦੇਵਾ।
ਬਣਿਆ ਏ ਮਹਾਤਮਾ ਜਦੋਂ ਦਾ
ਭੁੱਲ ਹੀ ਗਿਐ ਉਦੋਂ ਦਾ
ਕਿ ਮੇਰੇ ਅੰਦਰ ਵੀ ਇੱਕ ਗੋਤਮ ਸੀ
ਜਿਸ ਨੂੰ ਆਪਣੇ ਹੱਥੀਂ ਮਾਰਿਐ ਮੈਂ
ਤੇਰੇ ਅੰਸ਼ ਨੂੰ ਅਪਣੀ ਕੁੱਖ ਵਿੱਚ
ਜੀਵਤ ਰੱਖਣ ਲਈ ।
ਤੂੰ ਸਿਰਫ਼
ਜਨਮ-ਮਰਨ ਤੋਂ ਮੁਕਤੀ ਚਾਹੁੰਦੈ
ਮੇਰਾ ਸਫ਼ਰ ਤੇਰੇ ਜਨਮ ਤੋਂ
ਨੌਂ ਮਹੀਨੇ ਪਹਿਲਾਂ ਸ਼ੁਰੂ ਹੁੰਦੈ।
ਤੇਰੇ ਮਨ ਵਿੱਚ ਹੋਏਗੀ
ਸਵਰਗ ਦੀ ਲਾਲਸਾ ਤੇ
ਮੁਕਤੀ ਲਈ ਭਟਕਣਾ
ਮੇਰੇ ਤਨ ਵਿੱਚ ਸਿਰਫ ਕੁੱਖ ਹੈ।
ਜੇ ਨਾ ਹੁੰਦੀ ਕੁੱਖ
ਤਾਂ ਮੈਂ ਵੀ ਤਾਂਡਵ ਕਰ ਸਕਦੀ ਸੀ
ਹਿਮਾਲਿਆ ਦੀ ਕਿਸੇ ਚੋਟੀ ਤੇ ਜਾ ਕੇ
ਤੇ ਤ੍ਰੀਦੇਵ ਬਣ ਸਕਦੀ ਸੀ।
ਕੁਝ ਵੀ ਕਰ
ਤੂੰ ਮੇਰੇ ਤੋ ਮੁਕਤ ਨਹੀਂ ਹੋ ਸਕਦਾ
ਕਿਉਂਕਿ ਤੇਰੇ ਅੰਦਰ ਬੈਠੀ ਹਾਂ ਮੈਂ
ਛੁਪ ਕੇ ਕਿਧਰੇ ਤੇਰੇ ਅੰਡਕੋਸ਼ ਵਿੱਚ ।
ਇੱਕ ਗੱਲ ਤਾਂ ਦੱਸ ਧੂਣੀ ਬਾਲ ਕੇ
ਤੂੰ ਲੋਕਾਂ ਨੂੰ ਪੁੱਤਰਾਂ ਦੇ ਵਰ ਕਿਵੇਂ ਦੇ ਦਿੰਨੈ
ਕੀ ਤੈਨੂੰ ਨਹੀ ਪਤਾ
ਧੂਣੀ ਦੀ ਅੱਗ ਪੁੱਤਰਾਂ ਦੇ ਵਰ ਹੀ ਦੇ ਸਕਦੀ ਹੈ
ਪੁੱਤਰ ਤਾਂ ਹੀ ਮਿਲਦੇ ਨੇ ਜੇ
ਘਰਾਂ ਦੇ ਚੁੱਲ੍ਹਿਆਂ ਵਿੱਚ ਅੱਗ ਬਲਦੀ ਰਹੇ ।
ਮੰਨਿਆ ਪਿੰਡੇ ਤੇ ਰਾਖ ਮਲਣ ਦਾ ਗੁਰ ਹੈ ਤੈਨੂੰ
ਪਰ ਭੁੱਬਲ ਵਿੱਚ ਅੱਗ ਦੱਬਣ ਦਾ ਹੁਨਰ
ਤੈਨੂੰ ਕਦੇ ਨਹੀਂ ਆਉਣਾ
ਇਹ ਸਿਰਫ਼ ਮੇਰੇ ਕੋਲ ਹੈ ॥