ਧੁੱਪਾਂ ਕੋਲੋਂ ਠੰਢੀਆਂ ਛਾਵਾਂ ਮੰਗਦੇ ਰਏ

ਧੁੱਪਾਂ ਕੋਲੋਂ ਠੰਢੀਆਂ ਛਾਵਾਂ ਮੰਗਦੇ ਰਏ।

ਇੰਜ ਵੀ ਸਾਡੇ ਜੀਵਨ ਦੇ ਦਿਨ ਲੰਘਦੇ ਰਏ।

ਅੱਖੀਆਂ ਦੇ ਵਿਚ ਗ਼ਮ ਦੀ ਧੁੱਦਲ ਉਡਦੀ ਰਈ,

ਦਿਲ ਦੀ ਜੂਹ 'ਚੋਂ ਯਾਦ ਦੇ ਲਸ਼ਕਰ ਲੰਘਦੇ ਰਏ।

ਮੈਂ ਧੰਨਵਾਦੀ ਵੇਲੇ ਦੇ ਜੱਲਾਦਾਂ ਦਾ,

ਜਿਹੜੇ ਮੇਰੀਆਂ ਸੋਚਾਂ ਸੂਲ਼ੀ ਟੰਗਦੇ ਰਏ।

ਆਵਣ ਵਾਲੀ ਆਫ਼ਤ ਫਿਰ ਵੀ ਗਈ ਏ,

ਲੋਕੀਂ ਭਾਵੇਂ ਰੋਜ਼ ਦੁਆਵਾਂ ਮੰਗਦੇ ਰਏ।

ਸੋਚ ਰਿਹਾਂ ਕਿਉਂ ਫੁੱਲ ਤੇ ਤਿਤਲੀ ਏਸ ਸਮੇਂ,

ਇਕ ਦੂਜੇ ਤੋਂ ਪਲ ਪਲ ਝਕਦੇ ਸੰਗਦੇ ਰਏ।

ਮੈਂ ਖ਼ਸਿਆਨਾ ਹਾਸਾ ਹੱਸੀ ਜਾਂਦਾ ਸਾਂ,

ਬਾਲ ਵਿਚਾਰੇ ਰੋ ਰੋ ਪੈਸੇ ਮੰਗਦੇ ਰਏ।

ਕੋਈ ਕੋਈ ਦੁਖ ਦੀਆਂ ਕੰਧਾਂ ਢਾਹ ਸਕਿਐ,

ਬਹੁਤੇ ਲੋਕੀ ਐਵੇਂ ਮੱਥੇ ਰੰਗਦੇ ਰਏ।

'ਆਦਿਲ' ਭੁੱਖ ਨਾ ਮੁੱਕੀ ਸ਼ਰਮਾਂ ਵਾਲਿਆਂ ਦੀ,

ਚਾਤਰ ਠੱਗੀਆਂ ਲਾ ਲਾ ਕੇ ਹਥ ਰੰਗਦੇ ਰਏ।

📝 ਸੋਧ ਲਈ ਭੇਜੋ