ਧੁੱਪ ਡੁੱਬੀ ਰਾਤ ਦੇ ਸਾਏ ਵਧੇ

ਧੁੱਪ ਡੁੱਬੀ ਰਾਤ ਦੇ ਸਾਏ ਵਧੇ।

ਜ਼ਖ਼ਮੀ ਹੋਵਾਂ ਮੈਂ ਕਦੇ ਤੇ ਚੰਨ ਕਦੇ।

ਸਹਿਮ ਹੈ ਕੋਹਰੇ ਦੇ ਵਾਂਗੂੰ ਫੈਲਿਆ,

ਅਪਣੀ ਆਹਟ ਤੋਂ ਮੁਸਾਫ਼ਰ ਕੰਬਦੇ।

ਜ਼ਖ਼ਮ ਦਿਸਹੱਦੇ ਦੇ ਵਾਂਗੂੰ ਸੁਰਖ਼ ਹੈ,

ਕਿਸ ਤਰ੍ਹਾਂ ਦੇ ਵੇਖੇ ਸੂਰਜ ਡੁੱਬਦੇ।

ਪਹਿਲਾਂ ਖ਼ੁਸ਼ਬੂ ਫੇਰ ਫੁੱਲ-ਪੱਤੇ ਝੜੇ,

ਹੱਥ ਸ਼ਾਖਾਂ ਦੇ ਸਵਾਲੀ ਲਟਕਦੇ।

ਕੱਲ੍ਹ ਤੁਹਾਡੀ ਅੱਖ ਦਾ ਸੁਰਮਾ ਸੀ ਮੈਂ,

ਅੱਜ ਹੋ ਕਿਉਂ ਨਜ਼ਰਾਂ 'ਚੋਂ ਮੈਨੂੰ ਸੁੱਟਦੇ।

ਪੰਛੀਆਂ ਦੀ ਜ਼ਾਤ ਨਾ ਹੁੰਦੀ ਕੁਈ,

ਇਹ ਤਾਂ ਹਰ ਘਰ ਦੇ ਬਨੇਰੇ ਬੈਠਦੇ।

ਚੱਲ ਹੁਣ ‘ਅਜਮੇਰ’ ਘਰ ਚਲ ਆਪਣੇ,

ਰੋਜ਼ ਦੇ ਵੇਖੇ ਨਾ ਜਾਂਦੇ ਹਾਦਸੇ।

📝 ਸੋਧ ਲਈ ਭੇਜੋ