ਧੁੱਪਾਂ ਨੇ ਸਾੜਿਆ ਕਦੀ ਛਾਵਾਂ ਨੇ ਸਾੜਿਆ ।
ਬੂਟਾ ਵਫ਼ਾ ਦਾ ਗ਼ਰਜ਼ੀ ਹਵਾਵਾਂ ਨੇ ਸਾੜਿਆ ।
ਚੜ੍ਹ ਕੇ ਅਨਾ ਸਲੀਬ ਤੇ ਮਮਤਾ ਵੀ ਮਰ ਗਈ,
ਬਾਲਾਂ ਨੂੰ ਆਪਣੀ ਅੱਗ ਵਿਚ ਮਾਵਾਂ ਨੇ ਸਾੜਿਆ ।
ਤੂੰ ਨਾਲ ਸੈਂ ਤੇ ਜੋ ਸਨ ਜੰਨਤ ਦੇ ਰਾਸਤੇ,
ਤੇਰੇ ਬਗ਼ੈਰ ਉਹਨਾਂ ਈ ਰਾਹਵਾਂ ਨੇ ਸਾੜਿਆ ।
ਹੰਝੂ ਕਦੇ ਨੇ ਠਾਰਦੇ ਸੜਦੇ ਵਜੂਦ ਨੂੰ,
ਬਰਫ਼ਾਂ ਜਿਹਾ ਵਜੂਦ ਕਦੀ ਹਾਵਾਂ ਨੇ ਸਾੜਿਆ ।
'ਅਰਸ਼ਦ' ਤੂੰ ਪਿਆਰ ਵੰਡਿਆ ਜਿਹੜੇ ਹੁਸੀਨ ਨੂੰ,
ਓਸੇ ਹਸੀਨ ਨੂੰ ਤੇਰੇ ਚਾਵਾਂ ਨੇ ਸਾੜਿਆ ।