ਦੀਆ ਸਲਾਈ ਵਾਂਗ ਅਸੀਂ ਅਗਨ ਨੂੰ ਸਾਂਭਿਆ

ਦੀਆ ਸਲਾਈ ਵਾਂਗ ਅਸੀਂ ਅਗਨ ਨੂੰ ਸਾਂਭਿਆ।

ਨਾ ਭਿੜ ਅਸਾਡੇ ਨਾਲ ਤੂੰ ਬਾਹਰਲੇ ਕਾਂਬਿਆ।

ਹਾਲੇ ਤਾਂ ਚੜ੍ਹਤ ਚੰਦੜਾਂ ਦੀ ਦੇਖਣੀ ਅਸੀਂ,

ਤੈਨੂੰ ਮਿਲਾਂਗੇ ਫਿਰ ਕਦੇ ਝੰਗ ਦੇ ਉਲਾਂਭਿਆ।

ਕਿੰਨਾ ਹੀ ਚਿਰ ਸੋਨੇ ਤਰ੍ਹਾਂ ਦਗਦਾ ਰਿਹਾ ਸੀ ਤੂੰ,

ਆਖ਼ਰ ਨੂੰ ਕਾਲਾ ਪੈ ਗਿਐਂ ਚਮਕੀਲੇ ਤਾਂਬਿਆ।

ਹੱਥਾਂ ’ਚ ਖ਼ਾਰ ਘੁੱਟਕੇ ਤਲੀਆਂ ਨੂੰ ਰੰਗਿਆ,

ਮੈਂ ਇਸ ਤਰ੍ਹਾਂ ਬਹਾਰ ਦੇ ਚਿਹਰੇ ਨੂੰ ਸਾਂਭਿਆ।

ਸਭ ਦੋਸਤ ਅੰਗ-ਸਾਕ ਤੇ ਜਦ ਉਹ ਵੀ ਤੁਰ ਗਏ,

ਪੈਰਾਂ ’ਚ ਰੁਲ ਰਿਹਾ ਸੀ ਮੈਂ ਇਕ ਦਰਦ ਸਾਂਭਿਆ।

ਮਹਿਬੂਬ ਬੁੱਤ-ਤਰਾਸ਼ ਨੇ ਪੱਥਰ ਬੜੇ ਘੜੇ,

ਇਕ ਆਪਣਾ ਹੀ ਦਿਲ ਗਿਆ ਨਾ ਉਸ ਤੋਂ ਛਾਂਗਿਆ।

ਚੱਕਾ ਘੁਕੇ ਘੋੜਾ ਤੁਰੇ ਮੰਜ਼ਲ ਪਰ੍ਹੇ ਪਰ੍ਹੇ,

ਮੋਗੇ ਹੀ ਰਾਤ ਪੈ ਗਈ ਮਿੱਤਰਾਂ ਦੇ ਟਾਂਗਿਆ।

📝 ਸੋਧ ਲਈ ਭੇਜੋ