ਡਿੱਗਦੀ ਹਾਂ ਭਾਵੇਂ ਰੋਜ਼ ਤੇਰੇ ਆਸਮਾਨ ਤੋਂ
ਹੋਈ ਨਹੀਂ ਮਾਯੂਸ ਪਰ ਆਪਣੀ ਉਡਾਨ ਤੋਂ
ਉਸ ਨੇ ਕਲੇਜੇ ਨਾਲ ਲਾ ਕੇ ਮੈਨੂੰ ਆਖਿਆ
ਵੱਡੀ ਨਾ ਹੁੰਦੀ ਸੁਹਣੀਏ ਆਇਤ ਕੁਰਾਨ ਤੋਂ
ਉਸ ਨੇ ਤਾਂ ਹਰ ਇਕ ਵਸਤ ਵੇਖੀ ਤੋਲ ਪਰਖ ਕੇ
ਸਭ ਕੁਝ ਹੀ ਮਹਿੰਗਾ ਨਿਕਲਿਆ ਸੀ ਮੇਰੀ ਜਾਨ ਤੋਂ
ਲਹਿਰਾਂ 'ਤੇ ਬੇੜੀ ਡੋਲਦੀ ਮੇਰੀ ਹਯਾਤ ਦੀ
ਤੇ ਨੱਸ ਗਿਆ ਮੇਰਾ ਮਲਾਹ ਡਰ ਕੇ ਤੂਫ਼ਾਨ ਤੋਂ
ਹੱਸੀਏ ਜਾਂ ਰੋ ਲਈਏ ਕਦੇ ਦਿਲ ਤਾਂ ਫਰੋਲੀਏ
ਚੁੱਪ ਚਾਪ ਤੁਰ ਨਾ ਜਾਈਏ ਇਸ ਫ਼ਾਨੀ ਜਹਾਨ ਤੋਂ