ਡਿੱਗੇ ਤੇ ਸਹਿਕਦੇ ਨੂੰ ਮੁੜ ਕੇ ਉਠਾਲ ਆਏ
ਉੱਠੇ ਕੋਈ ਘਨੱਈਆ, ਪਾਣੀ ਪਿਆਲ ਆਏ
ਬੰਦੇ ਤੇ ਰੱਬ ਵਿਚਾਲੇ ਇਉਂ ਧਰਮਸਾਲ ਆਏ
ਜਿੱਦਾਂ ਵਪਾਰੀਆਂ ਵਿਚ ਕੋਈ ਦਲਾਲ ਆਏ
ਘਰ ਵਿਚ ਅਗਰ ਨਾ ਬਾਲਣ, ਆਟਾ ਨਾ ਦਾਲ ਆਏ
ਖਾਲੀ ਪਤੀਲਿਆਂ ਵਿਚ ਕਿੱਥੋਂ ਉਬਾਲ ਆਏ
ਅੱਧੀ ਲੁਕਾਈ ਹੁਣ ਵੀ ਸੜਕਾਂ 'ਤੇ ਲੇਟਦੀ ਹੈ
ਭਾਵੇਂ ਹੁਨਾਲ ਆਏ ਭਾਵੇਂ ਸਿਆਲ ਆਏ
ਦੰਦਾਂ 'ਚ ਉਂਗਲਾਂ ਦੇ ਆਪਾਂ ਨਿਹਾਰਦੇ ਰਹੇ
ਸਾਡੇ ਜਵਾਕ ਐਸੇ ਲੈ ਕੇ ਸਵਾਲ ਆਏ
ਉਹਨਾਂ ਤੋਂ ਹੀ ਸਭਾ ਵਿਚ ਗਰਦਨ ਨਾ ਉਠ ਸਕੀ ਹੈ
ਜੋ ਸੀ ਅਕਾਸ਼ ਤੀਕਰ, ਹਾਥੀ ਉਛਾਲ ਆਏ
ਇਹ ਤਿਤਲੀਆਂ ਇਹ ਭੌਰੇ, ਏਸੇ ਦੀ ਹੈ ਨਿਸ਼ਾਨੀ
ਕਿ ਬਾਗ ਨੇ ਸਲਾਮਤ ਲੱਖੀ ਭੁਚਾਲ ਆਏ
ਚਿਹਰੇ ਤਾਂ ਚੋਪੜੇ ਨੇ, ਐਪਰ ਮਜ਼ਾ ਤਦੋਂ ਹੈ
ਥਿੰਧੇ ਬਗ਼ੈਰ ਜੇਕਰ, ਮੂੰਹ 'ਤੇ ਜਲਾਲ ਆਏ।
ਸਾਡੇ ਕਤਲ ਦਾ ਕੋਮਲ, ਪਿੱਛੋਂ ਅਦੇਸ਼ ਹੋਇਆ
ਖੱਲਾਂ ਉਤਾਰਣੇ ਨੂੰ ਪਹਿਲੋਂ ਚੰਡਾਲ ਆਏ।