ਦਿਲ ਬਾਗੀ ਹੁੰਦਾ ਮਨਾਈਦਾ ਨਹੀਂ
ਅੱਗ ਬਲਦੀ ਤੇ ਤੇਲ ਪਾਈਦਾ ਨਹੀਂ।
ਸੰਗ ਦਿਲ ਕਦ ਸੁਣਦੇ ਵੇਦਨਾ ਨੂੰ
ਗੀਤ ਪੱਥਰਾਂ ਤਾਈਂ ਸੁਣਾਈਂਦਾ ਨਹੀਂ।
ਕੀ ਹੋਇਆ ਜੇ ਬਹੁਤ ਹੈ ਦੂਰ ਮੰਜ਼ਿਲ
ਮੰਜ਼ਰਾਂ ਨੂੰ ਦਿਲੋਂ ਭੁਲਾਈਦਾ ਨਹੀਂ।
ਦੇਸ਼ ਭਗਤ ਦੀ ਗ਼ੈਰਤ ਪਛਾਣ ਹੁੰਦੀ
ਗੱਦਾਰ ਲਈ ਰੰਗ ਵਟਾਈਦਾ ਨਹੀਂ।
ਜਿਸ ਦਰ ਤੋਂ ਪਵੇ ਨਾ ਖ਼ੈਰ ਝੋਲੀ
ਉਸ ਦਰ ਤੇ ਸੀਸ ਝੁਕਾਈਦਾ ਨਹੀਂ।
ਗਿਰਗਟ ਵਾਂਗਰਾਂ ਰੰਗ ਜੋ ਬਦਲਦੇ ਨੇ
ਖ਼ੁਦਗ਼ਰਜ਼ਾਂ ਨੂੰ ਮਿੱਤਰ ਬਣਾਈਦਾ ਨਹੀਂ।
ਪੇਟੋਂ ਭੁੱਖੇ ਫਿਰਦੇ ਜਦ ਲੋਕ ਲੱਖਾਂ
ਤਾਂ ਫਿਰ ਦਸਵੰਧ ਬਚਾਈਦਾ ਨਹੀਂ।
ਚੇਤ ਆਇਆ ਬਸੰਤ ਬਹਾਰ ਆਈ
ਖਿੜੇ ਰਹੀਏ ‘ਉੱਪਲ’ ਮੁਰਝਾਈਦਾ ਨਹੀਂ।