ਦਿਲ ਬੁਝਿਆ ਤੇ ਜਲਦੀਆਂ ਅੱਖੀਆਂ ਮੇਰੀਆਂ ਨੇ ।
ਜੜ ਸੁੱਕੀ ਏ ਹਰੀਆਂ ਸ਼ਾਖ਼ਾਂ ਮੇਰੀਆਂ ਨੇ ।
ਜੀਵਨ ਦਾ ਉਹ ਵੱਖਰਾ ਤੋਰ-ਤਰੀਕਾ ਏ,
ਜਿਸ ਨੇ ਬੰਨ੍ਹੀਆਂ ਹੋਈਆਂ ਮੁਸ਼ਕਾ ਮੇਰੀਆਂ ਨੇ ।
ਕੀ ਹੋਇਆ ਜੇ ਧੁੱਪਾਂ ਨੇ ਸਿਰ ਮੇਰੇ ਤੇ,
ਰਾਹੀਆਂ ਵਾਸਤੇ ਗੂੜੀਆਂ ਛਾਵਾਂ ਮੇਰੀਆਂ ਨੇ ।
ਕੀ ਹੋਇਆ ਜੇ ਮੇਰਾ ਕੱਲਾ ਕੋਠਾ ਨਹੀਂ,
ਸ਼ਹਿਰ ਦੀਆਂ ਇਹ ਸੱਭੇ ਸੜਕਾਂ ਮੇਰੀਆਂ ਨੇ ।
ਕੀ ਹੋਇਆ ਜੇ ਹਰਫ਼ ਕੋਈ ਲਬ ਉੱਤੇ ਨਹੀਂ,
ਰੱਬ ਨੂੰ ਮਾਲੂਮ ਲੋੜਾਂ ਥੋੜਾਂ ਮੇਰੀਆਂ ਨੇ ।
ਮੈਂ ਤੇਰੀ ਮਰਜ਼ੀ ਤੇ ਰਾਜ਼ੀ ਆਂ 'ਮੌਲਾ',
ਵੀਰ ਲਈ ਪਰ ਸਿੱਕਦੀਆਂ ਧੀਆਂ ਮੇਰੀਆਂ ਨੇ ।