ਦਿਲ ਦਾ ਬੂਹਾ ਢੋਇਆ ਨਹੀਂ ਏ ਵਰ੍ਹਿਆਂ ਤੋਂ

ਦਿਲ ਦਾ ਬੂਹਾ ਢੋਇਆ ਨਹੀਂ ਏ ਵਰ੍ਹਿਆਂ ਤੋਂ ।

ਪਰ ਕੋਈ ਦਾਖ਼ਲ ਹੋਇਆ ਨਹੀਂ ਏ ਵਰ੍ਹਿਆਂ ਤੋਂ ।

ਤਾਂ ਕੀ ਮੈਨੂੰ ਹੰਝੂ ਤਾਅਨੇ ਦਿੰਦੇ ਨੇ,

ਕੋਈ ਪਿਆਰਾ ਮੋਇਆ ਨਹੀਂ ਏ ਵਰ੍ਹਿਆਂ ਤੋਂ ।

ਉਹ ਸੱਜਣ ਵੀ ਪੱਕਾ ਦੁਸ਼ਮਣ ਬਣ ਬੈਠਾ,

ਜਿਸ ਤੋਂ ਕੁੱਝ ਲਕੋਇਆ ਨਹੀਂ ਏ ਵਰ੍ਹਿਆਂ ਤੋਂ ।

ਇੱਕੋ ਸਾਹ ਹੀ ਕਹਿਦੇ ਦੁਖ ਹਿਆਤੀ ਦੇ,

ਮੇਰਾ ਦਿਲ ਵੀ ਮੋਇਆ ਨਹੀਂ ਏ ਵਰ੍ਹਿਆਂ ਤੋਂ ।

ਟੁਰ ਜਾ ਤੇਰੇ ਰਸਤੇ ਪੱਧਰ ਕਰ ਛੱਡੇ,

ਹੁਣ ਤੇ ਕੋਈ ਟੋਇਆ ਨਹੀਂ ਏ ਵਰ੍ਹਿਆਂ ਤੋਂ ।

'ਸ਼ਾਦ' ਕਿਸੇ ਦੀ ਯਾਦ ਚੁਫ਼ੇਰੇ ਵੱਸੀ ਏ,

ਤਾਂ ਮੈਂ ਕਮਰਾ ਧੋਇਆ ਨਹੀਂ ਏ ਵਰ੍ਹਿਆਂ ਤੋਂ ।

📝 ਸੋਧ ਲਈ ਭੇਜੋ