ਦਿਲ ਦੀਆਂ ਗੱਲਾਂ ਨਾ ਕਰਿਆ ਕਰ
ਇਸਦਾ ਕੀ ਹੈ
ਇਹ ਤਾਂ ਆਖੇ
ਸਰਘੀ ਦੇ ਕੁਛੜ ਚੜ੍ਹ ਬਹਿਣਾ
ਤਾਰਿਆਂ ਨਾਲ ਖੇਡਣੇ ਗੀਟੇ
ਭਰ ਕੇ ਸੁਫ਼ਨਿਆਂ ਨਾਲ
ਫਨੂਸ ਹੈ ਚੰਨ ਦਾ ਲੈਣਾ
ਇਹ ਤਾਂ ਆਖੇ ਸਭ ਰਾਤਾਂ
ਸੋਨੇ ਖੰਭੀ ਉਡਣੀਆਂ ਪਰੀਆਂ ਦੀਆਂ ਬਾਤਾਂ
ਅੰਗ ਜਿੰਨ੍ਹਾਂ ਦੇ ਰਿਸ਼ਮਾਂ ਵਰਗੇ
ਭਾਰ ਜਿੰਨ੍ਹਾਂ ਦੇ ਫੁੱਲੋਂ ਹਲਕੇ
ਅੰਮ੍ਰਿਤ ਵੇਲੇ ਖਾਰੇ ਬੈਠਣ
ਚਾਨਣੀਆਂ ਦਾ ਵਟਣਾ ਮਲ ਕੇ
ਦਿਲ ਦਾ ਕੀ ਹੈ
ਚੰਨ ਤਾਰਿਆਂ ਦੀ ਦੂਰੀ ਨੂੰ ਇਹ ਕੀ ਜਾਣੇ
ਧੁਰੋਂ ਸਰਾਪੀ
ਇਸ ਮਿੱਟੀ ਦੀ ਮਜ਼ਬੂਰੀ ਨੂੰ ਇਹ ਕੀ ਜਾਣੇ