ਦਿਲ ਦਾ ਮੈਨੂੰ ਫੱਟ ਵਿਖਾਉਣਾ

ਦਿਲ ਦਾ ਮੈਨੂੰ ਫੱਟ ਵਿਖਾਉਣਾ ਆਉਂਦਾ ਨਈਂ ।

ਗ਼ੈਰਾਂ ਤਾਈਂ ਹਾਲ ਸੁਣਾਉਣਾ ਆਉਂਦਾ ਨਈਂ ।

ਆਪਣੇ ਘਰ ਵਿਚ ਆਪੇ ਚੋਰੀ ਹੋ ਗਿਆ ਮੈਂ,

ਹੋਰ ਕਿਸੇ ਨੂੰ ਚੋਰ ਬਣਾਉਣਾ ਆਉਂਦਾ ਨਈਂ ।

ਲੱਖਾਂ ਹੀਰਾਂ ਵਸਦੀਆਂ ਏਥੇ ਪਰ ਮੈਨੂੰ,

ਜੋਗੀ ਵਾਲਾ ਭੇਸ ਵਟਾਉਣਾ ਆਉਂਦਾ ਨਈਂ ।

ਇਕ ਦਾ ਹੋਵੇ ਜੁਰਮ ਤੇ ਮੈਂ ਸਮਝਾ ਦੇਵਾਂ,

ਵੇਹੜੇ ਨੂੰ ਤੇ ਇੰਜ ਸਮਝਾਉਣਾ ਆਉਂਦਾ ਨਈਂ ।

ਉਹਦੀਆਂ ਯਾਦਾਂ ਨਾਲ ਮੈਂ ਦਿਲ ਪਰਚਾ ਲੈਂਦਾ,

ਡਾਰੋਂ ਵਿੱਛੜ ਕੇ ਕੁਰਲਾਉਣਾ ਆਉਂਦਾ ਨਈਂ ।

'ਸਦਫ਼' ਨੇ ਤੇਰੇ ਨਾਵੇਂ ਸਭ ਕੁਝ ਲਾ ਦਿੱਤਾ,

ਨੱਚ ਕੇ ਮੈਨੂੰ ਯਾਰ ਮਨਾਉਣਾ ਆਉਂਦਾ ਨਈਂ ।

📝 ਸੋਧ ਲਈ ਭੇਜੋ