ਦਿਲ ਦਾ ਸੁੰਨਮ-ਸੁੰਨਾ ਵਿਹੜਾ

ਦਿਲ ਦਾ ਸੁੰਨਮ-ਸੁੰਨਾ ਵਿਹੜਾ, ਵੱਸੇ ਕਦੀ ਕਦਾਈਂ ।

ਜ਼ਖ਼ਮਾਂ ਦੀ ਫੁਲਵਾੜੀ ਵੀ ਤੇ ਹੱਸੇ ਕਦੀ ਕਦਾਈਂ ।

ਕਦੀ ਕਦਾਈਂ ਕੋਈ ਤੱਤੜੀ ਸੱਸੀ ਏਧਰ ਆਵੇ,

ਆਪਣਾ ਆਪ ਤਲਬ ਦਾ ਥਲ ਵੀ ਵੱਸੇ ਕਦੀ ਕਦਾਈਂ ।

ਰਾਹ ਦੇ ਰੁੱਖ ਵੀ ਆਪਣੀਆਂ ਛਾਵਾਂ ਪੈਰਾਂ ਹੇਠ ਛੁਪਾਵਣ,

ਜੇ ਏਧਰ ਆ ਨਿਕਲਣ ਭੁੱਖੇ ਤੱਸੇ ਕਦੀ ਕਦਾਈਂ ।

ਉਸ ਤੋਂ ਪੀੜ ਉਧਾਰੀ ਲੈ ਕੇ ਸ਼ਿਅਰਾਂ ਵਿਚ ਰਚਾਵਾਂ,

ਕੋਈ ਤਾਂਘ ਜੇ ਸੋਚ ਮੇਰੀ ਨੂੰ ਖੱਸੇ ਕਦੀ ਕਦਾਈਂ ।

ਸੱਟ ਸਿਰੇ ਵਿਚ ਪਵੇ ਅਜਿਹੀ ਸਭ ਆਦਮ ਭੁੱਲ ਜਾਵਣ,

ਜੇ 'ਤਾਇਬ' ਹਿੰਮਤ ਦਾ ਘੋੜਾ ਕੱਸੇ ਕਦੀ ਕਦਾਈਂ ।

📝 ਸੋਧ ਲਈ ਭੇਜੋ