ਦਿਲ ਦਾ ਵਿਹੜਾ

ਦਿਲ ਦੇ ਵਿਹੜੇ ਘੁੰਗਰੂ ਵੱਜਣ,ਕੌਣ ਮੇਰੇ ਘਰ ਆਇਆ

ਕਿਸ ਨੇ ਬੂਹੇ ਦਸਤਕ ਦਿੱਤੀ,ਕਿਸ ਨੇ ਰਾਗ ਅਲਾਇਆ

ਸਖੀ ਸਹੇਲੀ  ਰਲ਼ਮਿਲ਼  ਆਓ, ਗੀਤ ਖੁਸ਼ੀ ਦੇ ਗਾਈਏ

ਮੁੱਦਤਾਂ ਬਾਦ ਕਿਤੇ ਜਾ ਕੇ, ਹੈ  ਮਾਹੀ, ਦਰ ਖੜਕਾਇਆ

ਵਿਹੜੇ  ਬੇਰੀ  ਰੌਸ਼ਨ  ਹੋਈ, ਪੁੰਨਿਆ ਦਾ ਚੰਨ ਚੜ੍ਹਿਆ

ਚੰਨ ਮੁਖੜਾ,ਸੱਚੀਂ!ਦਿਲਬਰ ਦਾ,ਮੈਨੂੰ ਨਜ਼ਰੀਂ ਆਇਆ

ਉੱਠ  ਨੀ  ਮਾਏ, ਤੇਲ  ਚੁਆਈਏ, ਵੰਡੀਏ ਹਲਵੇ  ਖੀਰਾਂ

ਬੂਹੇ  ਮਾਹੀ  ਵੇਖ ਕੇ  ਮੇਰਾ, ਫਿਰ  ਜੋਬਨ  ਮੁਸਕਾਇਆ

ਨਾਜ਼  ਹੈ   ਮੈਨੂੰ,  ਫੌਜੀ  ਮੇਰਾ, ਰੱਬ  ਦਾ  ਦੂਜਾ  ਨਾਂ  ਹੈ

ਉਸਦੀ ਸੁੱਖ ਸਲਾਮਤ ਲਈ, ਮੈਂ ਸੂਫ਼ੀ  ਬਾਣਾ ਪਾਇਆ

ਉਸਦੇ  ਹੱਸਮੁੱਖ  ਚਿਹਰੇ  ਸਾਡੇ  ਵਿਹੜੇ  ਰੌਣਕ ਲਾਈ

ਜੀਆ ਜੰਤ ਸੱਭ ਨੱਚਣ ਟੱਪਣ,ਚੜ੍ਹਿਆ ਰੂਪ ਸਵਾਇਆ

ਸ਼ਾਲਾ  ਦਿਲ  ਦੇ  ਵਿਹੜੇ,  ਰੱਬਾ,  ਹੱਸਦੇ  ਵੱਸਦੇ ਰੱਖੀਂ

'ਉੱਪਲ' ਦਰਦ ਵਿਛੋੜੇ ਵਾਲ਼ਾ, ਨਹੀਂ ਜਾਂਦਾ ਹੰਢਾਇਆ

📝 ਸੋਧ ਲਈ ਭੇਜੋ