ਦਿਲ ਦਰਵੇਸ਼ੀ ਮਿੱਠਾ

ਦਿਲ ਦਰਵੇਸ਼ੀ ਮਿੱਠਾ ਸੁਭਾ

ਅੱਡੀਆਂ ਚੁਕ ਚੁਕ ਤੱਕੀਏ ਰਾਹ

ਅਜਾਈਂ ਨਾ ਸਾਨੂੰ ਇੰਜ ਤੜਪਾ

ਇਕ ਵਾਰੀ ਤਾਂ ਮੁਖ ਦਿਖਲਾ

ਤੂੰ ਮੇਰੇ ਪ੍ਰੀਤਮ ਘਰੀਂ ਤੇ ਆ

ਚਿੜੀ ਏ ਚੁਹਕੀ ਚਾਨਣ ਹੋਇਆ

ਹਰ ਕੋਈ ਉੱਠਿਆ ਕੋਈ ਨਾ ਸੋਇਆ

ਉੱਠ ਸੋਹਣਿਆ ਤੂੰ ਭੀ ਉੱਠ ਨਾ !

ਕਾਹਨੂੰ ਸੋਨਾ ਲੰਮੀਆ ਪਾ !

ਤੂੰ ਮੇਰੇ ਪ੍ਰੀਤਮ ਘਰੀਂ ਤੇ ਆ

ਸਾਰੇ ਪੰਛੀ ਮੁੜ ਘਰ ਆਏ

ਵਿੱਚ ਆਲਣਿਆਂ ਡੇਰੇ ਲਾਏ

ਕਰਨ ਕਲੋਲਾਂ ਰਲ ਮਿਲ ਸਾਰੇ

ਤੂੰ ਕਿਉਂ ਬੈਠੈਂ ਇੰਜ ਮੁਰਝਾ !

ਤੂੰ ਮੇਰੇ ਪ੍ਰੀਤਮ ਘਰੀਂ ਤੇ ਆ

ਸਮੇਂ ਨਹੀਂ ਕਰਨੀ ਤੇਰੀ ਉਡੀਕ

ਮੁਕਾ ਲੈ ਕੰਮ ਤੂੰ ਰੱਖੇ ਉਲੀਕ

ਉੱਦਮ ਕਰ ਨਾ ਢੇਰੀ ਢਾ

ਫੜ ਸਮੇਂ ਦੀ ਗੱਡੀ ਸਾਹੋਸਾਹ

ਤੂੰ ਮੇਰੇ ਪ੍ਰੀਤਮ ਘਰੀਂ ਤੇ ਆ

ਅੱਲੜ ਕੁੜੀਆਂ ਗਿੱਧੇ ਪਾਵਣ

ਝੂਟਣ ਪੀਘਾਂ ਰੌਣਕ ਲਾਵਣ

ਕੋਇਲ ਕੂ ਕੂ ਗੀਤ ਸੁਣਾਏ

ਕਾਲੀ ਬਦਲੀ ਗਈ ਹੈ ਛਾ

ਤੂੰ ਮੇਰੇ ਪ੍ਰੀਤਮ ਘਰੀਂ ਤੇ ਆ

ਮੋਰਾਂ ਰੁਣ ਝੁਣ ਲਾਈ ਹੋਈ ਐ

ਸਭ ਹਰਿਆਵਲ ਛਾਈ ਹੋਈ ਐ

ਛੇੜ ਮਿੱਠੀ ਜੇਹੀ ਧੁੰਨ ਤੂੰ ਵੀ ਕੋਈ

ਦਿਲ ਚੀਰਦੀ ਹੇਕ ਤੇ ਲਾ

ਤੂੰ ਮੇਰੇ ਪ੍ਰੀਤਮ ਘਰੀਂ ਤੇ ਆ

ਤੇਰਾ ਖ਼ਿਆਲ ਹੈ ਜੀਵਨ ਮੇਰਾ

ਸਜਰੀ ਸੋਚ ਤੂੰ ਸ਼ੀਤਲ ਸਵੇਰਾ

ਤੇਰੀ ਆਮਦ ਕਲੀਆਂ ਮਹਿਕਣ

ਤਰਲੇ ਪਾਵਾਂ ਤੂੰ ਹੁਣ ਨਾ ਜਾ

ਤੂੰ ਮੇਰੇ ਪ੍ਰੀਤਮ ਘਰੀਂ ਤੇ ਆ

📝 ਸੋਧ ਲਈ ਭੇਜੋ