ਦਿਲ ਦੇ ਕੋਲੋਂ ਵੱਖਰਾ ਹੋ ਕੇ

ਦਿਲ ਦੇ ਕੋਲੋਂ ਵੱਖਰਾ ਹੋ ਕੇ, ਦਰਦ ਵੀ ਭਰਦੇ ਹਾਵਾਂ ਨੇ ।

ਇਕਲਾਪੇ ਦੇ ਦੁਖ ਇੰਜ ਵਿੰਨ੍ਹਿਆ, ਔਖੀਆਂ ਹੋਈਆਂ ਸਾਹਵਾਂ ਨੇ ।

ਯਾਦ ਮਾਹੀ ਦੀ ਹਾਅ ਨੂੰ ਠਾਰੇ, ਦਿਲ ਦੇ ਰੋਗ ਮਿਟਾਉਂਦੀ ਏ,

ਜਮ-ਜਮ ਆਵੇ ਸ਼ਾਮ-ਸਵੇਰੇ ਅੱਖੀਆਂ ਤੱਕਦੀਆਂ ਰਾਹਵਾਂ ਨੇ ।

ਫ਼ਿਕਰਾਂ, ਉਮਰਾਂ ਨਾਲ ਹੰਢਾਈਆਂ, ਬਚਪਨ ਦੀਆਂ ਸੌਗ਼ਾਤਾਂ ਨੇ,

ਕਮਲੀ ਅੱਖ ਅੱਜ ਵੈਣ ਕਰੇਂਦੀ, ਕਸੀਆ ਸੋਚ ਤਨਾਵਾਂ ਨੇ ।

ਵਿਛੜੇ ਮਿਲਦੇ ਨਾਲ ਨਸੀਬਾਂ, ਹੋਣੀ ਨੂੰ ਕੋਈ ਰੋਕੇ ਨਾ,

ਸੰਝ-ਸਵੇਰੇ ਪਲਕ ਬਨੇਰੇ, ਸੁਫ਼ਨੇ ਭਰਦੇ ਹਾਵਾਂ ਨੇ ।

ਇਕ ਇਕ ਪਲ ਨੂੰ ਕੱਠਿਆਂ ਕਰਕੇ, ਪਿਆਰ ਦੀ ਕੁੱਲੀ ਪਾਈ ਸੀ,

ਤੀਲਾ-ਤੀਲਾ ਕਰ ਛੱਡਿਆ ਇੰਜ ਚੱਲੀਆਂ ਹਿਰਸ ਹਵਾਵਾਂ ਨੇ ।

ਕੱਚੀਆਂ ਪਿੱਲੀਆਂ ਘਰ ਦੀਆਂ ਕੰਧਾਂ, ਖ਼ੌਫ਼ ਦੀ ਸੂਲੀ ਟੰਗੀਆਂ ਨੇ,

ਸਾਵਣ ਆਇਆ, ਘੁੰਗਰੂ ਬੰਨ੍ਹ ਕੇ, ਚੜ੍ਹੀਆਂ ਘੋਰ ਘਟਾਵਾਂ ਨੇ ।

ਝੂਠਿਆਂ ਦੀ ਇਸ ਮਹਿਫ਼ਲ ਦੇ ਵਿਚ, ਸੱਚੀਆਂ ਗੱਲਾਂ ਕਰਦਾ ਹਾਂ,

ਡਰ ਨਹੀ 'ਕੈਫ਼ੀ' ਜਗ ਦਾ ਕੋਈ, ਮਾਂ ਦੀਆਂ ਨਾਲ ਦੁਆਵਾਂ ਨੇ ।

📝 ਸੋਧ ਲਈ ਭੇਜੋ