ਦਿਲ ਦੇ ਜ਼ਖ਼ਮ ਲਕੋਂਦੇ ਰਹਿ ਗਏ ਉਹ ਤੇ ਮੈਂ ।
ਕੱਲਿਆਂ ਬਹਿ ਬਹਿ ਰੋਂਦੇ ਰਹਿ ਗਏ ਉਹ ਤੇ ਮੈਂ ।
ਅੱਚਣ-ਚੇਤੀ ਵੇਲੇ ਵਿੱਥਾਂ ਪਾ ਦਿੱਤੀਆਂ,
ਨੇੜੇ ਹੁੰਦੇ-ਹੁੰਦੇ ਰਹਿ ਗਏ ਉਹ ਤੇ ਮੈਂ ।
ਫੇਰ ਨਾ ਮੁੜਕੇ ਆਈਆਂ ਰੁੱਤਾਂ ਪਿਆਰ ਦੀਆਂ,
ਰਾਹਵਾਂ ਮੱਲ ਖਲੋਤੇ ਰਹਿ ਗਏ ਉਹ ਤੇ ਮੈਂ ।
ਦਿਲ ਦੀ ਪੈਲੀ ਦੇ ਵਿਚ ਵੱਤਰ ਆਇਆ ਨਹੀਂ,
ਖੂਹ ਨੈਣਾਂ ਦੇ ਜੋਂਦੇ ਰਹਿ ਗਏ ਉਹ ਤੇ ਮੈਂ ।
ਰੋਜ਼ ਦਿਲਾਂ ਦੀ ਕੱਲਰ ਖਾਧੀ ਧਰਤੀ ਤੇ,
ਬੀਜ ਵਫ਼ਾ ਦੇ ਬੋਂਦੇ ਰਹਿ ਗਏ ਉਹ ਤੇ ਮੈਂ ।
ਝੱਲਣੀ ਪੈ ਗਈ 'ਆਸਿਫ਼' ਹਾਰ ਨਸੀਬਾਂ ਨੂੰ,
ਹੰਝੂ ਹਾਰ ਪਰੋਂਦੇ ਰਹਿ ਗਏ ਉਹ ਤੇ ਮੈਂ ।