ਦਿਲ ਦੀ ਧੜਕਣ, ਵਧਦੀ ਵਧਦੀ

ਦਿਲ ਦੀ ਧੜਕਣ, ਵਧਦੀ ਵਧਦੀ ਬੁੱਲ੍ਹੀਂ ਆਈ ਅਖ਼ੀਰ

ਸੋਚਾਂ ਦੇ ਵਿੱਚ ਤੇਰੀਆਂ ਯਾਦਾਂ, ਅੱਖਾਂ ਵਿਚ ਤਸਵੀਰ

ਅੱਖਾਂ ਦੇ ਵਿਚ ਅੱਖਾਂ ਪਾ ਕੇ, ਤੈਨੂੰ ਜਦ ਮੈਂ ਤੱਕਿਆ,

ਫੱਟੜ ਕਰ ਦਿੱਤਾ ਤੂੰ ਦਿਲ ਨੂੰ, ਲਾ ਨੈਣਾਂ ਦੇ ਤੀਰ

ਮੈਂ ਤੇ ਤੇਰੇ ਪਿਆਰ ਦੇ ਮੋਹ ਵਿਚ, ਜਿੰਦੜੀ ਦਿੱਤੀ ਡੋਬ,

ਤੂੰ ਤੇ ਮੇਰੀ ਅੱਖੀਉਂ ਵਗਦੇ, ਪੂੰਝ ਸਕੀ ਨਾ ਨੀਰ

ਤੇਰੇ ਹੁਸਨਾ ਦਾ ਹੜ੍ਹ ਤੱਕ ਕੇ, ਡੁੱਬ ਡੁੱਬ ਜਾਵੇ ਦਿਲ,

ਮੇਰੇ ਸੁਫ਼ਨੇ ਗੱਭਰੂ ਹੋਏ, ਕਰ ਕੋਈ ਤਦਬੀਰ

ਮੇਰੇ ਪਿਆਰ ਤੇ ਝੱਲੇ ਲੋਕੀ, ਐਵੇਂ ਖਿੱਲੀਆਂ ਪਾਣ,

ਡੂੰਘੇ ਹੈਨ ਸਮੁੰਦਰ ਤੋਂ ਵੀ, ਮੇਰੇ ਦਿਲ ਦੇ ਚੀਰ

ਦੁੱਖਾਂ ਨੂੰ ਸੀਨੇ ਨਾਲ ਲਾ ਕੇ, ਲਾਜ ਪਿਆਰ ਦੀ ਰੱਖੀ,

ਦਾਮਨ ਆਪਣਾ ਕਰ ਛੱਡਿਆ ਏ, 'ਰਾਹਤ' ਲੀਰੋ ਲੀਰ

📝 ਸੋਧ ਲਈ ਭੇਜੋ