ਦਿਲ ਦੀਆਂ ਸੱਧਰਾਂ ਨੂੰ ਪਰਚਾ ਨਹੀਂ ਸਕਦਾ ਮੈਂ ।
ਫੇਰ ਵੀ ਏਥੋਂ ਉੱਠ ਕੇ ਜਾ ਨਹੀਂ ਸਕਦਾ ਮੈਂ ।
ਭਾਵੇਂ ਸਾਰੀ ਦੁਨੀਆਂ ਦੁਸ਼ਮਣ ਹੋ ਜਾਵੇ,
ਹੁਣ ਤੇ ਪਿੱਛੇ ਪੈਰ ਹਟਾ ਨਹੀਂ ਸਕਦਾ ਮੈਂ ।
ਇਕ ਨਾ ਇਕ ਦਿਨ ਕੋਈ ਮੈਨੂੰ ਡੰਗੇਗਾ
ਯਾਰਾਂ ਕੋਲੋਂ ਜਾਨ ਬਚਾ ਨਹੀਂ ਸਕਦਾ ਮੈਂ ।
ਯਾਰੋ ਮੈਨੂੰ ਐਨਾ ਨਾ ਮਜਬੂਰ ਕਰੋ,
ਅੱਖੀਂ ਵੇਖ ਕੇ ਮੱਖੀ ਖਾ ਨਹੀਂ ਸਕਦਾ ਮੈਂ ।
ਉੱਚੀਆਂ-ਉੱਚੀਆਂ ਕੰਧਾਂ ਦੇਖ ਕੇ ਸੋਚ ਰਿਹਾਂ,
'ਅਜਮਲ'ਇਨ੍ਹਾਂ ਨੂੰ ਕਿਉਂ ਢਾ ਨਹੀਂ ਸਕਦਾ ਮੈਂ ।