ਦਿਲ ਹੈ ਉਦਾਸ, ਕੋਈ ਬੁਲਾਏ ਨਾ ਦਿਨ ਢਲੇ।
ਆਖੋ ਉਨ੍ਹਾਂ ਦੀ ਯਾਦ ਵੀ ਆਏ ਨਾ ਦਿਨ ਢਲੇ।
ਕੱਟੀ ਦੁਪਹਿਰ ਹੈ ਅਸੀਂ ਜ਼ੁਲਫ਼ਾਂ ਦੀ ਛਾਂ ਬਿਨਾਂ,
ਬੱਦਲੀ ਕੁਈ ਅਕਾਸ਼ ਤੇ ਛਾਏ ਨਾ ਦਿਨ ਢਲੇ।
ਸੂਰਜ ਚੁਰਾ ਲਿਐ ਮਿਰਾ ਇਸ ਰਾਤ ਨੂੰ ਕਹੋ,
ਤਾਰੇ ਮਿਰੇ ਆਕਾਸ਼ ਤੇ ਲਾਏ ਨਾ ਦਿਨ ਢਲੇ।
ਮੇਰੀ ਤਾਂ ਪਹਿਲਾਂ ਹੀ ਬੜੀ ਤਿੜਕੀ ਹੈ ਜ਼ਿੰਦਗੀ,
ਸ਼ੀਸ਼ੇ 'ਚ ਕੋਈ ਵਾਲ ਬਿਖਰਾਏ ਨਾ ਦਿਨ ਢਲੇ।
ਆਸ਼ਕ ਸਵੇਰ ਦਾ ਰਿਹਾ ਹਾਂ ਮੈਂ ਸਦਾ ਤੋਂ ਹੀ,
ਆਖੋ ਕਿ ਮੈਨੂੰ ਮੌਤ ਵੀ ਆਏ ਨਾ ਦਿਲ ਢਲੇ।
ਵਗਦੀ ਨਦੀ ਤੇ ਲਿਖਿਆ ਹੈ ਤੂੰ ਅੱਜ ਕਿਸਦਾ ਨਾਮ,
ਲੀਕਾਂ ਕੁਈ ਪਾਣੀ ਤੇ ਇਉਂ ਪਾਏ ਨਾ ਦਿਨ ਢਲੇ।
ਕੀਤੀ ਕਤਲ ਮੈਂ ਜਿਸ ਤਰ੍ਹਾਂ ਹਰ ਸ਼ਾਮ ਆਪਣੀ,
ਇਉਂ ਜ਼ੁਲਮ ਅਪਣੇ ਤੇ ਕੁਈ ਢਾਏ ਨਾ ਦਿਲ ਢਲੇ।