ਦਿਲ ਕਰਦਾ ਹੈ

ਸਭ ਨੂੰ ਮਨਾ ਲਵਾਂ

 

ਜਿਹਨਾਂ ਨਾਲ

ਕਦੇ ਅਚੇਤ ਸੁਚੇਤ

ਗੁਸਤਾਖ਼ੀਆਂ ਕੀਤੀਆਂ

ਆਪਣੀ ਹਉਮੈ ’ਚ ਡੁੱਬ ਕੇ

ਜਿਹਨਾਂ ਨੂੰ ਬੁਰਾ ਭਲਾ ਕਿਹਾ

ਪਿਆਰ ਵਿੱਚ

ਜਿਹਨਾਂ ਨਾਲ ਲੜਦਾ ਰਿਹਾ

ਫਿਰ ਮੂੰਹ ਵੱਟ ਲਿਆ

ਦਿਲ ਕਰਦਾ ਹੈ

ਉਹਨਾਂ ਸਭ ਨੂੰ ਮਨਾ ਲਵਾਂ....

 

ਬਹੁਤ ਦੋਸਤਾਂ ਦਾ

ਸਿਰ ਤੇ ਕਰਜ਼ ਚੜ੍ਹਿਆ

ਕਰਜ਼ ਮੁਹੱਬਤਾਂ ਦਾ

ਕਰਜ਼ ਦੋਸਤੀਆਂ ਦਾ

ਕਰਜ਼ ਰਿਸ਼ਤਿਆਂ ਦਾ

ਕਰਜ਼ ਸਨੇਹ ਦਾ

 

ਦਿਲ ਕਰਦਾ

ਸਭ ਨੂੰ ਵਿਆਜ਼ ਸਮੇਤ

ਹੌਲੀ ਹੌਲੀ

ਮੋੜ ਦਿਆਂ

ਆਪਣੀ ਸਾਰੀ ਬਦੀ

ਆਪਣੀ ਸਾਰੀ ਹਉਮੈ

ਮੁਹੱਬਤ ਦੀ ਨਦੀ ਵਿੱਚ

ਰੋੜ੍ਹ ਦਿਆਂ....

 

ਬਹੁਤ ਸਾਰੀਆਂ ਨਦੀਆਂ

ਜਿਹੜੀਆਂ ਮਨ ’ਚ ਵਗਦੀਆਂ

ਰੁੱਸ ਕੇ ਦੂਰ ਗਈਆਂ

ਉਹਨਾਂ ਨੂੰ ਦਿਖਾਵਾਂ

ਕਿ ਕਿਵੇਂ ਉਨ੍ਹਾਂ ਬਿਨਾਂ

ਮੇਰੇ ਮਨ ਦਾ ਸਮੁੰਦਰ

ਰੇਤ ਹੋ ਗਿਆ

ਕਿਵੇਂ ਬੂੰਦ ਬੂੰਦ ਸਾਗਰ

ਮੇਰੇ ਨੈਣਾਂ ’ਚੋਂ ਚੋ ਗਿਆ

 

ਬੀਤ ਗਏ ਪਲ

ਪਰਤਦੇ ਤਾਂ ਨਹੀਂ ਭਾਵੇਂ

ਪਰ ਫਿਰ ਵੀ ਦਿਲ ਕਰਦਾ

ਰੁੱਸ ਗਏ ਜਿਹੜੇ

ਹੌਲੀ ਹੌਲੀ

ਸਭ ਨੂੰ ਮਨਾ ਲਵਾਂ ....।

📝 ਸੋਧ ਲਈ ਭੇਜੋ