ਦਿਲ ਮੇਰੇ ਤੇ ਬਣੀਆਂ ਹੋਈਆਂ

ਦਿਲ ਮੇਰੇ ਤੇ ਬਣੀਆਂ ਹੋਈਆਂ ਯਾਰ ਦੀਆਂ ਤਸਵੀਰਾਂ ।

ਸੀਨੇ ਨਾਲ ਮੈਂ ਲਾਈਆਂ ਚੁਮ ਚੁਮ ਓਸ ਦੀਆਂ ਤਹਿਰੀਰਾਂ ।

ਅਸਾਂ ਤੇ ਦਿਲ ਦੇ ਸੌਦੇ ਕੀਤੇ ਵੇਚ ਕੇ ਸਭ ਜਾਗੀਰਾਂ,

ਸਾਡੇ ਹੱਥਾਂ ਉੱਤੇ ਖਿੱਚੀਆਂ ਇਸ਼ਕ ਪਿਆਰ ਲਕੀਰਾਂ ।

ਬਾਲ ਗ਼ਰੀਬ ਦੇ ਢਿੱਡੋਂ ਭੁੱਖੇ ਕੁੱਲੀ ਵਿਚ ਕੁਰਲਾਂਦੇ,

ਘਰ ਅਮੀਰ ਦੇ ਬਾਰਾਂ ਮਹੀਨੇ ਕੁੱਤੇ ਖਾਂਦੇ ਖੀਰਾਂ ।

ਦੱਸੋ ਯਾਰੋ ਹੁਣ ਕੀ ਕਰੀਏ ਹੋਈਆਂ ਉਹ ਵੀ ਚੋਰੀ,

ਮੈਂ ਰਜ਼ਾਈ ਵਾਸਤੇ ਰੱਖੀਆਂ ਜੋ ਪਿੰਜਾ ਕੇ ਲੀਰਾਂ ।

ਖ਼ਵਰੇ ਮਹਿਸ਼ਰ ਦਾ ਦਿਨ ਆਇਆ ਨੱਸਦੇ ਜਾਂਦੇ ਸਾਰੇ,

ਭਾਜੜ ਪੈ ਗਈ ਵਿੱਚ ਜਵਾਨਾਂ, ਬੁੱਢਿਆਂ, ਬੱਚਿਆਂ, ਪੀਰਾਂ ।

ਸ਼ਾਮਾਂ ਪਈਆਂ ਪੈਂਡਾ ਡੂੰਘਾ ਲੱਭਦਾ ਨਹੀਂ ਕੋਈ ਆਗੂ,

ਮੰਜ਼ਿਲ ਨੂੰ ਰਾਹ ਜਾਂਦਾ ਕਿਹੜਾ ਸਾਰ ਨਹੀਂ ਰਾਹਗੀਰਾਂ ।

ਜਿਸ ਪਰਛਾਵੇਂ ਪਿੱਛੇ ਨੱਸਿਉਂ ਉਹ ਵੀ ਹੱਥ ਨਾ ਆਇਆ,

ਪਿੱਛੇ ਲੱਗ ਸਰਾਬਾਂ 'ਆਸੀ' ਕੀ ਲੱਭੀਆਂ ਤੌਕੀਰਾਂ ।

📝 ਸੋਧ ਲਈ ਭੇਜੋ