ਦਿਲ ਨੂੰ ਸਾਰੀ ਰਾਤ ਸਤਾਵੇ, ਗਰਮੀਂ ਬਲਦੇ ਸਾਹਵਾਂ ਦੀ ।
ਸੱਧਰਾਂ ਭੁੱਜਕੇ ਕੋਲੇ ਹੋਈਆਂ, ਭੱਠੀ ਧੁਖਦੀ ਹਾਵਾਂ ਦੀ ।
ਜਿੱਥੇ ਜਿੱਥੇ ਪੈਰ ਧਰੇ ਨੇ, ਜਿਸ ਥਾਉਂ ਮਾਹੀ ਲੰਘਿਆ ਏ,
ਚੁੰਮ ਚੰੁਮ ਸੀਨੇ ਲਾਵਣ ਅੱਖੀਆਂ, ਖ਼ਾਕ ਵੀ ਉਨ੍ਹਾਂ ਰਾਹਵਾਂ ਦੀ ।
ਯਾਰ ਦੀ ਖ਼ਾਤਰ ਹਸ ਕੇ ਜਰੀਏ, ਜੱਗ ਦੇਵੇ ਜੋ ਦੁਖੜੇ ਵੀ,
ਮਰਨ ਤੋਂ ਬਾਅਦ ਵੀ ਦੁਨੀਆਂ ਵਾਲੇ, ਦੇਣ ਮਿਸ਼ਾਲ ਵਫ਼ਾਵਾਂ ਦੀ ।
ਕਾਹਨੂੰ ਇਸਰਾਂ ਝਿੜਕਾਂ ਦੇਵੇ, ਕਾਸਦ ਓਸ ਵਿਚਾਰੇ ਨੂੰ,
ਤਾਂਘ ਦੀ ਸੂਲੀ ਟੰਗ ਛੱਡਿਆ ਈ, ਲੋੜ ਕੀ ਹੋਰ ਸਜ਼ਾਵਾਂ ਦੀ ।
ਅੱਖੀਆਂ ਤੇਰੇ ਦੀਦ ਨੂੰ ਤਰਸਣ, ਦਿਲ ਸਿੱਕਦਾ ਏ ਮਿਲਣੇ ਨੂੰ,
ਮੁਖੜਾ ਚੁੰਮਣ, ਜੱਫੀਆਂ ਪਾਵਣ, ਕਿਸਮਤ ਦੇਖ ਹਵਾਵਾਂ ਦੀ ।
ਥਾਂ-ਥਾਂ ਤੇ ਅੱਜ ਕੋਠੀਆਂ ਬਣੀਆਂ ਘਰ ਤਾਂ ਟਾਵੇਂ ਟਾਵੇਂ ਨੇ,
ਇੱਜ਼ਤ, ਗ਼ੈਰਤ ਗਲੀਆਂ ਰੁਲਦੀ, ਘਾਟ ਏ ਸ਼ਰਮ ਹਿਆਵਾਂ ਦੀ ।
ਤੱਕ-ਤੱਕ ਅੱਖਾਂ ਪੱਥਰ ਹੋਈਆ, ਖ਼ਬਰ ਨਾ ਆਈ ਮਿੱਤਰਾਂ ਦੀ'
ਰੋਜ਼ ਉਡੀਕਾਂ ਚੁੱਕ-ਚੁੱਕ ਅੱਡੀਆਂ, ਲੰਘੀ ਰੁੱਤ ਕਪਾਹਵਾਂ ਦੀ ।
ਛੱਡ ਕੈਫ਼ੀ ਸਭ ਝਗੜੇ ਝੇੜੇ, ਆਪਣੀ ਢੱਠੀ ਛੱਤ ਦੀ ਸੋਚ,
ਨੀਯਤ ਭੈੜੀ ਲੱਗਦੀ ਮੈਨੂੰ, ਕਾਲੀਆਂ ਘੋਰ ਘਟਾਵਾਂ ਦੀ ।