ਦਿਲ ਸ਼ੀਸ਼ੇ ਤੇ ਗ਼ਮ ਦੀਆਂ ਵਾਵਾਂ

ਦਿਲ ਸ਼ੀਸ਼ੇ ਤੇ ਗ਼ਮ ਦੀਆਂ 'ਵਾਵਾਂ ਵੱਜੀਆਂ ਨੇ ।

ਬੱਦਲਾਂ ਵਾਂਗੂੰ ਹੱਥ ਦੀਆਂ ਲੀਕਾਂ ਗੱਜੀਆਂ ਨੇ ।

ਦੇਖਾਂ ਤੇ, ਦੋ ਧੂੜ ਉਡਾਉਂਦੇ ਵੀਰਾਨੇ,

ਕਹਿਣ ਨੂੰ ਚਿਹਰੇ ਤੇ ਦੋ ਅੱਖਾਂ ਸੱਜੀਆਂ ਨੇ ।

ਭਾਵੇਂ ਕਿੰਨੇ ਜਿਸਮ ਖ਼ਵਾਓ ਫੇਰ ਵੀ ਇਹ,

ਖ਼ੂਨੀ ਗਿਰਝਾਂ ਹਿਰਸ ਦੀਆਂ ਕਦ ਰੱਜੀਆਂ ਨੇ ।

ਕੌਣ ਆਇਆ ਏ ਸੱਧਰਾਂ ਦੇ ਵੀਰਾਨੇ ਵਿਚ,

ਕੀਹਨੇ ਵਿਚ ਲਾਵਾਰਸ਼ ਲਾਸ਼ਾਂ ਕੱਜੀਆਂ ਨੇ ।

'ਅਜਮਲ' ਯਾਰਾ! ਅੱਜ ਤੇ ਤੇਰੀਆਂ ਗੱਲਾਂ ਵੀ,

ਮੇਰੇ ਦਿਲ ਤੇ ਪੱਥਰ ਵਾਂਗੂੰ ਵੱਜੀਆਂ ਨੇ ।

📝 ਸੋਧ ਲਈ ਭੇਜੋ