ਦਿਲ ਤਾਂ ਕਰਦਾ ਹੈ
ਤੈਨੂੰ ਜੰਗਲ 'ਚ ਗੁਆਚਾ ਵੀ
ਘਰ ਨੂੰ ਜਾਂਦੀਆਂ ਡੰਡੀਆਂ
ਤੇ ਰਾਹਾਂ ਵਾਂਗ ਲੱਭਾਂ
ਡੁੱਬਦਾ ਤਰਦਾ ਸਾਗਰਾਂ ਚ
ਸਾਹਾਂ ਵਾਂਗ ਯਾਦ ਕਰਾਂ
ਹਵਾਵਾਂ ਦੇ ਬੁੱਲਿਆਂ ਚ
ਰਾਗਾਂ ਦੀ ਤਰਾਂ ਵਿਚਰਾਂ
ਰਾਤਾਂ ਚ ਸੁਪਨੇ ਸਜਾ
ਸਵੇਰਿਆਂ ਦੀਆਂ ਸਾਰੀਆਂ ਦਿਸ਼ਾਵਾਂ 'ਚ ਰੱਖਾਂ
ਕਿ ਵਿਹੜਿਆਂ ਚ ਖਿਲਾਰ ਦੇਵਾਂ
ਮੁਹੱਬਤ ਦੇ ਫੁੱਲਾਂ ਦੇ ਬੀਅ
ਦਿਲ ਤਾਂ ਬਹੁਤ ਕਰਦਾ ਹੈ
ਕਿ ਮਾਵਾਂ ਨੂੰ ਉਠਾ ਕੇ
ਘਰ ਲੈ ਆਵਾਂ ਕਬਰਾਂ 'ਚੋਂ
ਬਾਪੂ ਨੂੰ ਪੁੱਛਾਂ ਕਿ
ਤੂੰ ਕਿੱਥੇ ਟੁਰ ਗਿਆ ਸੀ ਘਰ ਸੁੰਨਾ ਛੱਡ ਕੇ
ਚੁੱਪ ਡਿਉੜੀਆਂ ਨੂੰ ਕਹਾਂ ਕਿ
ਉਹ ਗੁਆਚੀਆਂ ਮੰਜੀਆਂ ਡੰਗੋਰੀਆਂ ਲੱਭਣ
ਬੰਦ ਪਏ ਘਰਾਂ ਨੂੰ ਪੁੱਛਾਂ
ਕਿ ਉਹ ਬੋਲਦੇ ਕਿਉਂ ਨਹੀਂ ਹੁਣ ਮੇਰੇ ਕਦੇ ਆਏ ਤੇ
ਬਨੇਰੇ ਸੁੰਨੇ ਕਿਉਂ ਕਰ ਗਏ ਹਨ
ਸੁਨੇਹੇ ਲੈ ਕੇ ਆਉਂਦੇ ਜਾਂਦੇ ਕਾਲੇ ਕਾਲੇ ਕਾਂ
ਕਿ ਕੋਇਲਾਂ ਨੂੰ ਕਿਉਂ ਨਹੀਂ ਯਾਦ ਆ ਰਹੇ
ਓਹੀ ਅੰਬਾਂ ਨੂੰ ਬੂਰ ਪੈਣ ਵੇਲੇ ਦੇ ਗੀਤ
ਰਾਹਾਂ ਦੀ ਧੁੱਦਲ 'ਚੋਂ
ਪਹਿਲੇ ਛਰਾਟੇ ਦੀਆਂ ਮਹਿਕਾਂ ਫੜਾਂ
ਕਿ ਹਰੇ ਹਰੇ ਘਾਹ ਤੇ ਨੰਗੇ ਪੈਰੀਂ ਨੱਚਾਂ
ਚੰਨ ਨੂੰ ਕਹਾਂ ਕਿ ਤੇਰੇ ਮੱਥੇ ਦਾ ਟਿੱਕਾ ਬਣ ਜਾਵੇ
ਤੇ ਸਾਰੇ ਸਿਤਾਰੇ ਤੇਰੀ ਚੁੰਨੀ ਤੇ ਆ ਕੇ ਲੱਗ ਜਾਵਣ
ਦਿਲ ਤਾਂ ਬਹੁਤ ਕਰਦਾ ਹੈ