ਦਿਲ ਵਿਚ ਤੇਰਾ ਦਰਦ ਤੇ ਅੱਖੀਂ ਸੁਫ਼ਨੇ ਤੇਰੇ ਰੱਖੇ ।
ਮੈਂ ਯਾਦਾਂ ਦੇ ਬਾਲ ਕੇ ਦੀਵੇ ਆਸ ਬਨੇਰੇ ਰੱਖੇ ।
ਤੇਰੇ ਲਈ ਨਿੱਤ ਖੁੱਲੇ੍ਹ ਰੱਖੇ ਅੱਖੀਆਂ ਦੇ ਦਰਵਾਜ਼ੇ,
ਪਰ ਖ਼ਬਰੇ ਬੇਦਰਦਾ ਤੂੰ ਕਿਸ ਪਾਸੇ ਫ਼ੇਰੇ ਰੱਖੇ ।
ਇਹ ਤੇ ਮੇਰੀ ਹਿੰਮਤ ਕਿ ਮੈਂ ਏਥੇ ਤੀਕ ਆ ਪੁੱਜਾ,
ਰਾਹਵਾਂ ਦੇ ਵਿਚ ਪੱਥਰ ਸੱਜਣਾ ਉਂਜ ਵਧੇਰੇ ਰੱਖੇ ।
ਮੇਰੇ ਸ਼ਿਅਰਾਂ ਦਾ ਮਤਲਬ ਉਹ ਸਮਝੇ ਯਾ ਨਾ ਸਮਝੇ,
ਮੈਂ ਤੇ ਅੱਖਰਾਂ ਵਿਚ ਛੁਪਾ ਕੇ ਹੈਨ ਸਵੇਰੇ ਰੱਖੇ ।
ਉਹਨੇ ਅੰਨ੍ਹਿਆਂ ਲੋਕਾਂ ਨੂੰ ਹੈ ਕੀ ਚਾਨਣ ਵਰਤਾਣਾ,
ਜੀਹਨੇ ਸਫ਼ਰਾਂ ਦੇ ਵਿਚ ਆਪਣੇ ਨਾਲ ਹਨ੍ਹੇਰੇ ਰੱਖੇ ।
ਉਹਦੇ ਮੁੱਖ ਦੀ ਲਾਲੀ ਪਈ ਸੀ ਸੂਰਜ ਨੂੰ ਸ਼ਰਮਾਂਦੀ,
ਉਹਦੀਆਂ ਜ਼ੁਲਫ਼ਾਂ ਕਿੰਨੇ ਹੀ ਸਨ ਕੀਲ ਸਪੇਰੇ ਰੱਖੇ ।
'ਅਨਵਰ' ਮੇਰੇ ਮੂੰਹ ਤੇ ਜਿਸ ਨੇ ਸਿਫ਼ਤਾਂ ਦੇ ਪੁਲ ਬੰਨ੍ਹੇ,
ਕੰਡ ਪਿਛੇ ਉਸ ਐਬ ਉਛਾਲੇ ਭਰਮ ਨਾ ਮੇਰੇ ਰੱਖੇ ।