ਦਿਲਾ ਕਿਸ ਨੂੰ ਰੋ ਰੋ ਪੁਕਾਰਦਾ
ਤੇਰੇ ਦਾਅਵੇਦਾਰ ਚਲੇ ਗਏ
ਤੱਕ ਔਖੀ ਘਾਟੀ ਇਸ਼ਕ ਦੀ
ਵੇ ਉਹ ਜਾਂ-ਨਿਸਾਰ ਚਲੇ ਗਏ
ਜ਼ਰਾ ਥਮ ਕੇ ਰੱਖ ਹੁਣ ਕਾਲਜਾ
ਤੇਰੇ ਕਿਸ ਨੇ ਕਰਨੀਆਂ ਪੱਟੀਆਂ
ਏਥੇ ਕੌਣ ਹੈ ਤੇਰਾ ਚਾਰਾਗਰ
ਤੇਰੇ ਗ਼ਮ-ਗੁਸਾਰ ਚਲੇ ਗਏ
ਸਹੁੰ ਖਾ ਕੇ ਦੀਨ ਈਮਾਨ ਦੀ
ਅਸੀਂ ਬਾਜ਼ੀ ਲਾਈ ਸੀ ਜਾਨ ਦੀ
ਉਹਨਾਂ ਜਿੱਤ ਲਈ ਬੇਗੀ ਪਾਨ ਦੀ
ਡੋਲੀ ਚੁੱਕ ਕਹਾਰ ਚਲੇ ਗਏ
ਉਹ ਤਾਂ ਉੱਡਣਹਾਰ ਸੀ ਸੁਹਣਿਆ
ਸਾਵੀ ਰੁੱਤ ਦੇ ਯਾਰ ਸੀ ਭੋਲ਼ਿਆ
ਤੇਰੀ ਉੱਜੜੀ ਵੇਖ ਬਹਾਰ ਨੂੰ
ਉਹ ਮੁਲਾਹਜ਼ੇਦਾਰ ਚਲੇ ਗਏ
ਤੈਨੂੰ ਕਿਣਕਾ ਕਿਣਕਾ ਵਿਛੋੜ ਕੇ
ਅਤੇ ਅੱਥਰੂ ਅੱਥਰੂ ਨਿਚੋੜ ਕੇ
ਕਿਸੇ ਕਾਲੀ ਨੈਂ ਵਿਚ ਰੋੜ੍ਹ ਕੇ
ਵੇ ਉਹ ਸ਼ਾਹਸਵਾਰ ਚਲੇ ਗਏ