ਦਿਲੇ ਤਮੰਨਾ

ਉਹ ਰੱਬ ਜੀ ਮੈਂ ਸਭ ਲੋਕਾਂ ਦਾ ਉਪਕਾਰ ਚਾਹੁੰਦਾ ਹਾਂ,

ਕਰ ਪੂਰੀ ਮੰਗ ਮੇਰੀ, ਇੱਕੋ ਜਿਹਾ ਸੰਸਾਰ ਚਾਹੁੰਦਾ ਹਾਂ।

ਮਿਹਨਤ ਕਰਨ ਲੋਕੀਂ ਰਲ-ਮਿਲ-ਖਾਣ ਮਿਲਵਰਤਣ ਸਾਰੇ,

ਅਮੀਰ-ਗਰੀਬ ਨਾ ਹੋਵੇ, ਇੱਕੋ ਜਿਹਾ ਕਾਰੋਬਾਰ ਚਾਹੁੰਦਾ ਹਾਂ।

ਨਫਰਤ ਨਾਂ ਦਾ ਲਫਜ਼ ਹੀ ਮਰ-ਮੁੱਕ ਜਾਵੇ ਦੁਨੀਆਂ ਵਿੱਚੋਂ,

ਹਵਾਵਾਂ ਵਾਂਗ ਬਿਖਰਿਆ, ਹਰ ਪਾਸੇ ਪਿਆਰ ਚਾਹੁੰਦਾ ਹਾਂ।

ਕੋਈ ਨਾ ਜਾਵੇ ਲੰਮਾ ਪੈਂਡਾ ਚੀਰ ਕੇ, 'ਤੇਰੇ' ਮਹਿੰਗੇ ਘਰਾਂ ਚ,

ਹਰ ਆਦਮੀ ਦੇ ਘਰ ਚੋਂ ਹੀ ਤੇਰਾ ਦੀਦਾਰ ਚਾਹੁੰਦਾ ਹਾਂ।

ਜਿੱਧਰ ਵੇਖਾਂ ਬੱਸ ਇਨਸਾਨ ਹੀ ਇਨਸਾਨ ਨਜ਼ਰ ਆਉਣ,

ਜੱਟ, ਬ੍ਰਾਹਮਣ, ਨਾਈ, ਬਾਣੀਏ ਨਾ ਹੀ ਚਮਾਰ ਚਾਹੁੰਦਾ ਹਾਂ।

ਨਾ ਮੈਂ ਦੌਲਤ-ਸ੍ਹੌਰਤ ਮੰਗਦਾ, ਨਾ ਹੀ ਲੰਮੀ ਉਮਰ ਮੰਗਦਾ,

ਸਿੱਧੂ' ਦਿਲੇ ਤਮੰਨਾ ਮੇਰੀ ਮੈਂ ਦੁਨੀਆਂ ਇੱਕਸਾਰ ਚਾਹੁੰਦਾ ਹਾਂ।

📝 ਸੋਧ ਲਈ ਭੇਜੋ