ਦਿੱਲੀ ਜਾ ਕੇ ਸੀਸ ਗੁਰਾਂ ਨੇ ਜੀ ਵਾਰਿਆ।
ਡੁੱਬਾ ਬੇੜਾ ਹਿੰਦ ਦਾ ਗੁਰਾਂ ਨੇ ਤਾਰਿਆ।
ਹਰ ਪਾਸੇ ਔਰੰਗੇ ਨੇ ਤਬਾਹੀ ਸੀ ਮਚਾਈ।
ਗੱਦੀ ਲਈ ਮਾਰੇ ਉਹਨੇ ਆਪਣੇ ਹੀ ਭਾਈ।
ਕਿਹੜੀ ਗੱਲ ਸੱਚੀ ਉਹਨੂੰ ਨਾ ਵੀਚਾਰਿਆ।
ਮੰਦਰਾਂ ਨੂੰ ਢਾਹੇ, ਕਰੇ ਮਨ ਆਈਆਂ ਜੀ।
ਜਨੇਹੂ ਲਾਹ ਸੁੱਟੇ, ਕਰੇ ਧੱਕੇਸ਼ਾਹੀਆਂ ਜੀ।
ਖ਼ੁਦਾ ਦਾ ਵੀ ਖੌਫ ਔਰੰਗੇ ਨੇ ਵਿਸਾਰਿਆ।
ਕਸ਼ਮੀਰੀ ਪੰਡਿਤਾਂ ਦੱਸੀ ਅਪਣੀ ਕਹਾਣੀ।
ਜਾਪੇ ਸਾਡੀ ਕੌਮ ਦੁਨੀਆਂ ਚੋਂ ਮਿਟ ਜਾਣੀ।
ਸਾਡੀ ਫੜੋ ਬਾਂਹ ਦਾਤਾ ਤਾਰਨਹਾਰਿਆ।
ਦੁਖੀ ਪੰਡਿਤਾਂ ਨੂੰ ਗਲ ਗੁਰਾਂ ਨੇ ਹੈ ਲਾਇਆ।
ਵੇਲਾ ਕੁਰਬਾਨੀ ਦਾ ਲਗਦਾ ਹੈ ਆਇਆ।
ਸਤਿਗੁਰਾਂ ਔਰੰਗਾ ਪਾਪੀ ਹੈ ਵੰਗਾਰਿਆ।
ਲਾਲਚਾਂ, ਤਸੀਹੇ ਅੱਗੇ ਗੁਰੂ ਜੀ ਨਾ ਡੋਲੇ।
'ਅਮਰ' ਗੁਰਾਂ ਦੇ ਗਾਵੇ ਹਰ ਮੁੱਖ ਸੋਹਿਲੇ।
ਸੀਸ ਵਾਰ ਦਿੱਤਾ, ਧਰਮ ਨਾ ਹਾਰਿਆ।
ਦਿੱਲੀ ਜਾ ਕੇ ਸੀਸ ਗੁਰਾਂ ਨੇ ਜੀ ਵਾਰਿਆ।
ਡੁੱਬਾ ਬੇੜਾ ਹਿੰਦ ਦਾ ਗੁਰਾਂ ਨੇ ਤਾਰਿਆ।