ਦਿਲੋਂ ਦੁਸ਼ਮਣ ਨੇ  ਇਹ ਤੇਰੇ ਇਨ੍ਹਾਂ ਯਾਰਾਂ ਤੋਂ ਕੀ ਲੈਣਾ

ਦਿਲੋਂ ਦੁਸ਼ਮਣ ਨੇ  ਇਹ ਤੇਰੇ ਇਨ੍ਹਾਂ ਯਾਰਾਂ ਤੋਂ ਕੀ ਲੈਣਾ

ਇਹ ਗ਼ਮ ਤੇਰਾ  ਵਧਾਂਦੇ ਨੇ ਤੂੰ ਗ਼ਮਖਾਰਾਂ ਤੋਂ ਕੀ ਲੈਣਾ

ਤੇਰੇ ਘਰ ਵਿਚ ਹੀ ਤੇਰੇ ਨਾਲ ਜਦ ਨਹੀਂ ਬੋਲਦਾ ਕੋਈ,

ਤੂੰ ਇਟ ਪੱਥਰਾਂ ਤੋਂ ਕੀ ਲੈਣਾ ਤੂੰ ਦੀਵਾਰਾਂ ਤੋਂ ਕੀ ਲੈਣਾ

ਇਹ ਸੋਹਣੇ ਗੁਲਬਦਨ ਸੋਹਣੇ ਤਾਂ ਬਸ ਸੋਹਣੇ ਹੀ ਸੋਹਣੇ ਨੇ,

ਕਿਸੇ ਰੁੱਖ ਹੇਠ ਬਹਿ ਜਾ ਕੇ ਤੂੰ ਗੁਲਜ਼ਾਰਾਂ ਤੋਂ ਕੀ ਲੈਣਾ

ਅਮੀਰਾਂ ਨਾਲ ਪਾ ਯਾਰੀ ਜੇ ਤੈਨੂੰ ਲੋਭ ਪੇਸੇ ਦਾ,

ਤੂੰ ਬੇਜ਼ਰ ਬੇਸਰੋਸਾਮਾਂ ਗ਼ਜ਼ਲਕਾਰਾਂ ਤੋਂ ਕੀ ਲੈਣਾ

ਕਲਮ ਦੇ ਨਾਲ ਜਿੱਤ ਦੁਨੀਆਂ ਤੂੰ ਫੜ ਹਥਿਆਰ ਉਲਫ਼ਤ ਦਾ,

ਤੂੰ ਤਰਸ਼ੂਲਾਂ ਤੋਂ ਕੀ ਲੈਣਾ ਤੂੰ ਤਲਵਾਰਾਂ ਤੋਂ ਕੀ ਲੈਣਾ

ਕਵੀ ਸਰਕਾਰੀਆ ਬਣ ਕੇ ਜ਼ਮੀਰ ਅਪਣੀ ਨਾ ਮਾਰੀਂ ਤੂੰ,

ਇਨਾਮਾਂ ਤੋਂ ਕੀ ਲੈਣਾ ਤੂੰ, ਤੂੰ ਸਰਕਾਰਾਂ ਤੋਂ ਕੀ ਲੈਣਾ

ਤੂੰ ਸ਼ਾਇਰ ਏਂ ਗ਼ਰੀਬਾਂ ਦਾ ਗਰੀਬਾਂ ਨਾਲ ਰਹਿ 'ਉਲਫ਼ਤ'

ਤੂੰ ਧਨਵਾਨਾਂ ਤੋਂ ਕੀ ਲੈਣਾ ਤੂੰ ਜ਼ਰਦਾਰਾਂ ਤੋਂ ਕੀ ਲੈਣਾ

📝 ਸੋਧ ਲਈ ਭੇਜੋ