ਦਿਨ ਚੜ੍ਹਦਾ ਤੇ ਧਰਤੀ ਉੱਤੇ

ਦਿਨ ਚੜ੍ਹਦਾ ਤੇ ਧਰਤੀ ਉੱਤੇ, ਆਪਣਾ ਨਕਸ਼ ਖਰੋਚਾਂ ਮੈਂ ।

ਰਾਤ ਪਵੇ ਤੇ ਸ਼ਾਇਰ ਬਣ ਕੇ, ਬੜੀਆਂ ਸੋਚਾਂ ਸੋਚਾਂ ਮੈਂ ।

ਚੰਨ ਚੌਧਵੀ ਦੂਰ ਖਲੋ ਕੇ, ਮੇਰੇ ਵਲ ਪਿਆ ਤੱਕਦਾ ਏ,

ਮੇਰਾ ਦਿਲ ਵੀ ਏਹੋ ਚਾਹੁੰਦਾ, ਡਿੱਗ ਪਵੇ ਤੇ ਬੋਚਾਂ ਮੈਂ ।

ਮੇਰੇ ਵਿਹੜੇ ਵਿੱਚ ਖਿੜੇ ਹੋਏ, ਫੁੱਲ ਜਵਾਨੀ ਮਾਨਣ ਪਏ,

ਮੈਲੀਆਂ ਕਰਕੇ ਵੇਖੇ ਜਿਹੜਾ, ਉਹਦੀਆਂ ਅੱਖਾਂ ਨੋਚਾਂ ਮੈਂ ।

ਮੈਂ ਝੱਲਾ ਤੇ ਕਮਲਾ ਵਹਿਸੀ, ਕਾਹਦਾ ਡਰ ਰੁਸ ਵਾਈ ਦਾ,

ਭਾਵੇਂ ਮੈਨੂੰ ਇੱਟਾਂ ਮਾਰੋ, ਕਰਾਂ ਨਾ ਗਾਲ ਗਲੋਚਾਂ ਮੈਂ ।

ਅੱਤ ਗ਼ਮਾਂ ਦੇ ਬਲਦੇ ਥਲ ਵਿਚ, ਮਰ ਸਾਂ ਆਪਣੀ ਸੱਸੀ ਨਾਲ,

ਅੱਗ ਵਸਾਇਉ ਅਸਮਾਨੋਂ ਜੇ, ਨੱਸਾਂ ਵਾਂਗ ਬਲੋਚਾਂ ਮੈਂ ।

ਅੰਦਰੋਂ ਖੋਲਾ ਹੋਈਆਂ ਭਾਵੇਂ, ਕੰਧਾਂ ਨੇ ਘਰ ਬਾਰ ਦੀਆਂ,

ਮਜਬੂਰੀ ਨੂੰ ਢਕਣ ਦੇ ਲਈ, ਬਾਹਰੋ ਲਿੱਪਾਂ ਪੋਚਾਂ ਮੈਂ ।

ਜੀਹਦੇ ਢਿੱਡੋਂ ਜਨਮ ਲਿਆ ਸੀ, ਭੁੱਲ ਗਏ ਉਹਦੀ ਅਜ਼ਮਤ ਨੂੰ,

ਕਿਉਂ ਲੋਕੀ ਬੇਹਿੱਸੇ ਹੋ ਗਏ 'ਰਾਹਤ' ਇਹੋ ਸੋਚਾਂ ਮੈਂ ।

📝 ਸੋਧ ਲਈ ਭੇਜੋ