ਦਿਨ ਚੜ੍ਹਿਆ ਹੈ

ਪੀਲੀਆਂ ਪੈ ਕੇ ਸੜਕਾਂ ਉੱਤੇ 

ਬੁਝ ਗਈਆਂ ਨੇ ਬਿਜਲੀ-ਬੱਤੀਆਂ। 

ਧੁੰਦ ਵਿਚ ਧੂਆਂ ਘੁਲਦਾ ਜਾਂਦਾ, 

ਪਾਲੇ ਵਿਚ ਠਿਠਰਦੇ ਮੰਗਤੇ 

ਰੱਟਣ ਬੈਠੇ ਫੇਰ ਅਸੀਸਾਂ,

ਫੇਰ ਜਜ਼ਬਿਆਂ ਹੱਥ ਅੱਡੇ ਨੇ ਵੱਟ ਕਸੀਸਾਂ।

ਇਹ ਚਾਨਣ ਅੱਖੀਆਂ ਨੂੰ ਚੁੱਭਦਾ

ਇਸ ਚਾਨਣ ਵਿਚ ਭਟਕੇ ਨਜ਼ਰ ਧੁਆਂਖੀ ਹੋਈ।

ਹੋਰ ਘੜੀ ਨੂੰ ਰੌਲਾ ਰੱਪਾ ਜਾਗ ਪਏਗਾ,

ਕਾਰ ਵਿਹਾਰ ਦੇ ਨਾਲ ਸੰਘਰਸ਼ ਛਿੜੇਗਾ ਦਿਲ ਦਾ।

ਕਾਹਨੂੰ ਕੁਝ ਕਿਸੇ ਨੇ ਕਹਿਣਾ,

ਅਪਣੇ ਆਪ ਨਮੋਸ਼ੀ ਆਵੇ,

ਸਾਹ ਲੰਘਦਾ ਜਿਓਂ ਹੁੱਜਤ ਹੁੰਦੀ,

ਆਪਾਂ ਸੋਝੀ ਹੁੰਦਿਆਂ ਵੀ ਕਮਲੇ ਹੋ ਰਹਿਣਾ

ਜੀ ਕਹਿੰਦਾ ਏ,

ਸਾਰੇ ਲਾਂਝ ਪੁਗ ਚੁੱਕੇ ਨੇ,

ਇਉਂ ਹਾਲੇ ਵੀ ਫਿਕਰਾਂ ਨੇ ਹਨ

ਚਾਰ ਚੁਫੇਰੇ ਘੇਰੇ ਘੱਤੇ ?

ਇਲਮ ਦੇ ਨਿੱਕੇ ਬਸਤੇ ਚੁੱਕੀ 

ਹੱਸਦੇ ਬਾਲ ਸਕੂਲੀਂ ਚੱਲੇ,

ਜਿੰਦ ਵਿਚਾਰੀ ਹਫਦੀ ਜਾਵੇ

ਦੇਹ ਵੀ ਬੋਝਲ ਗਠੜੀ ਥੱਲੇ।

ਦਿਨ ਚੜ੍ਹਿਆ ਹੈ,

ਅਗਲੇ ਮੋੜ ਤੇ ਵਾਕਫ਼ ਬੰਦਿਆਂ ਨੇ ਮਿਲ ਜਾਣਾ,

‘ਵਾਹਵਾ ਖ਼ੂਬ ਗੁਜ਼ਰਦੀ' ਕਹਿਣਾ,

ਟਿੱਚਰ ਕਰਕੇ ਹੱਸ ਪੈਣਾ ਹੈ

ਜਿੱਕਣ ਥੇਹ ਦੇ ਖੂਹ ਚੋਂ ਕੋਈ ਕਬੂਤਰ ਉੜਦਾ

ਵਾਹਵਾ ਖ਼ੂਬ ਗੁਜ਼ਰ ਜਾਵੇ ਤਾਂ 

ਹੋਰ ਕਿਸੇ ਨੇ ਕੀ ਲੈਣਾ ਹੈ !

ਪਲ ਪਲ ਰੌਣਕ ਵੱਧਦੀ ਜਾਂਦੀ, 

ਜਿੰਦੜੀ ਅੱਗੇ ਇਕਲਾਪੇ ਦਾ

ਬੰਜਰ ਮਾਰੂਥਲ ਵਿਛਿਆ ਹੈ। 

ਪਲ-ਪਲ ਕਰਕੇ ਦਿਨ ਕੱਟਣਾ ਵੀ 

ਕਣ-ਕਣ ਪਾ ਕੇ ਖੂਹ ਭਰਨਾ ਹੈ, 

ਦਿਨ ਕੱਟਣਾ ਰਣ ਸਰ ਕਰਨਾ ਹੈ।

📝 ਸੋਧ ਲਈ ਭੇਜੋ